ਲੁਧਿਆਣਾ, 2 ਮਈ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵਲੋਂ ਘੰਟਾਘਰ ਚੌਕ ਵਿਖੇ ਮੋਦੀ ਸਰਕਾਰ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੀਤੇ ਬੇਹਿਸਾਬ ਵਾਧੇ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕਰਦਿਆਂ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧੇ ਗਏ | ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਚੇਅਰਮੈਨ ਅਨਿਲ ਠਾਕੁਰ, ਸਾਹਿਲ ਅਗਰਵਾਲ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਤਿੰਦਰ ਸਿੰਘ ਖੰਗੂੜਾ, ਮੀਡੀਅਮ ਇੰਡਸਟਰੀ ਦੇ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਮੈਂਬਰ ਮਹਿਲਾ ਕਮਿਸ਼ਨ ਅਜਿੰਦਰਪਾਲ ਕੌਰ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ 'ਆਪ' ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਉਕਤ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਾਹਗਾਰ ਸਿੱਧ ਹੋਈ ਹੈ | ਕਾਬਿਲੇਗੌਰ ਹੈ ਕਿ ਵਪਾਰਕ ਐਲ.ਪੀ.ਜੀ. ਸਿਲੰਡਰ ਹੁਣ 993 ਰੁਪਏ ਮਹਿੰਗਾ ਹੋ ਗਿਆ ਹੈ | ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ ਪੱਧਰ ਉੱਤੇ ਊਰਜਾ ਕੀਮਤਾਂ ਵਿਚ ਉਛਾਲ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਲਗਾਤਾਰ ਤੀਜਾ ਮਾਸਿਕ ਵਾਧਾ ਹੈ | 19 ਕਿੱਲੋ ਵਜ਼ਨੀ ਵਪਾਰਕ ਐਲ.ਪੀ.ਜੀ. ਸਿਲੰਡਰ ਆਮ ਕਰ ਕੇ ਹੋਟਲਾਂ ਤੇ ਰੈਸਟੋਰੈਂਟਾਂ 'ਚ ਵਰਤਿਆ ਜਾਂਦਾ ਹੈ |
ਇਸ ਤੋਂ ਪਹਿਲਾਂ ਕੀਮਤਾਂ ਵਿਚ ਪਹਿਲੀ ਅਪ੍ਰੈਲ ਨੂੰ 195.50 ਰੁਪਏ ਪ੍ਰਤੀ ਸਿਲੰਡਰ ਤੇ ਪਹਿਲੀ ਮਾਰਚ ਨੂੰ 114.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ | ਇਨ੍ਹਾਂ ਤਿੰਨ ਵਾਧਿਆਂ ਨਾਲ ਕੁੱਲ ਮਿਲਾ ਕੇ ਕਮਰਸ਼ੀਅਲ ਐਲ.ਪੀ.ਜੀ. ਦੀਆਂ ਦਰਾਂ 'ਚ 1303 ਰੁਪਏ ਦਾ ਇਜ਼ਾਫਾ ਹੋਇਆ ਹੈ | ਉਂਝ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਫੇਰਬਦਲ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਈਰਾਨ ਜੰਗ ਲੱਗੇ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਵਿੱਤੀ ਬੋਝ ਆਮ ਲੋਕਾਂ ਉੱਤੇ ਪਾਉਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਸੀ, ਜਦਕਿ ਸਿਲੰਡਰਾਂ ਦੀ ਕੀਮਤ ਵਿਚ ਭਾਰੀ ਇਜ਼ਾਫਾ ਕਰਕੇ ਲੋਕਾਂ ਦੀ ਹੋਰ ਕਮਰ ਤੋੜ ਦਿੱਤੀ ਹੈ | ਇਸ ਵਿਰੋਧ ਪ੍ਰਦਰਸ਼ਨ 'ਚ ਮਨਪ੍ਰੀਤ ਬੰਟੀ, ਕਾਕਾ ਮਾਛੀਵਾੜਾ, ਵਿਪੁਲ ਸੇਠੀ, ਰਕੇਸ਼ ਕੁਮਾਰ, ਰਾਜ ਕੁਮਾਰ ਅਗਰਵਾਲ ਮੈਂਬਰ ਜੀ.ਐਸ.ਟੀ, ਰਵਿੰਦਰ ਪਾਲ ਸਿੰਘ ਪਾਲੀ, ਦਵਿੰਦਰ ਵਰਮਾ, ਅਜਿੰਦਰ ਪਾਲ ਕੌਰ ਤੋਂ ਇਲਾਵਾ ਸੈਂਕੜਿਆਂ ਦੀ ਤਾਦਾਦ 'ਚ ਵਲੰਟੀਅਰ ਸ਼ਾਮਿਲ ਸਨ |
<br/>
'ਆਪ' ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
03-05-2026