ਬੀਜਾ, 2 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ 'ਚ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੱਲਾਂ ਮਾਰੀਆਂ | ਪ੍ਰੀਖਿਆ ਦੇ ਨਤੀਜੇ ਘੋਸ਼ਿਤ ਹੋਣ ਉਪਰੰਤ ਸਕੂਲ 'ਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਜ਼ੋਨਲ ਦੇ ਇੰਚਾਰਜ ਜਗਜੀਤ ਸਿੰਘ ਦੋਰਾਹਾ ਵਲੋਂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਇਸ ਮੌਕੇ ਖ਼ਾਸ ਤੌਰ 'ਤੇ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਸਕੂਲ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਉੱਚ ਅੰਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ | ਇਨ੍ਹਾਂ 'ਚੋਂ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਬਬਲੀਨ ਕੌਰ ਸਪੁੱਤਰੀ ਮਨਦੀਪ ਸਿੰਘ, ਵਾਸੀ ਕਿਸ਼ਨਗੜ੍ਹ ਨੇ ਮੈਰਿਟ ਹਾਸਿਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਪਿ੍ੰ. ਗੁਰਦੀਪ ਸਿੰਘ ਕਾਹਲੋਂ ਨੇ ਬਬਲੀਨ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਿਦਿਆਰਥਣ ਪਹਿਲਾਂ ਵੀ ਅੱਠਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਪੰਜਾਬ ਚੋਂ ਚੌਥਾ ਰੈਂਕ ਹਾਸਲ ਕਰਕੇ ਆਪਣਾ ਨਾਮ ਮੈਰਿਟ ਸੂਚੀ ਚ ਦਰਜ ਕਰਵਾ ਚੁੱਕੀ ਹੈ | ਇਹ ਸਫਲਤਾ ਉਸਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੀ ਪ੍ਰੇਰਣਾ ਦਾ ਨਤੀਜਾ ਹੈ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਸ਼ਾਨਦਾਰ ਪ੍ਰਾਪਤੀ ਸਕੂਲ ਦੀ ਉੱਚ ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੀ ਮਿਹਨਤ ਦਾ ਸਪੱਸ਼ਟ ਸਬੂਤ ਹੈ |