ਕੁਹਾੜਾ, 2 ਮਈ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸਕੂਲ ਬੁੱਢੇਵਾਲ ਵਿਖੇ ਸੱਤਿਆ ਦੇਵੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਕੂਲ ਦੇ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਨੇ ਦੱਸਿਆ ਕਿ ਸੱਤਿਆ ਦੇਵੀ ਨੇ 1989 ਤੋਂ ਲੈ ਕੇ ਆਪਣੇ ਜੀਵਨ ਦੇ ਕੀਮਤੀ ਸਾਲ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਕਰਦੇ ਹੋਏ ਨਨਕਾਣਾ ਸਾਹਿਬ ਪਬਲਿਕ ਸਕੂਲ ਬੁੱਢੇਵਾਲ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਦੀ ਮਿਹਨਤ ਨਿਸ਼ਠਾ ਅਤੇ ਸਮਰਪਣ ਇਸ ਸੰਸਥਾ ਨਾਲ ਜੁੜੇ ਹਰ ਇੱਕ ਮੈਂਬਰ ਲਈ ਪ੍ਰੇਰਨਾ ਸਰੋਤ ਬਣ ਗਏ ਹਨ | ਇਸ ਮੌਕੇ ਸੱਤਿਆ ਦੇਵੀ ਨੇ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਕੂਲ ਉਨ੍ਹਾਂ ਲਈ ਇੱਕ ਸੰਸਥਾ ਨਹੀਂ, ਬਲਕਿ ਇੱਕ ਪਰਿਵਾਰ ਵਰਗਾ ਸੀ ਅਤੇ ਹਰ ਇੱਕ ਅਧਿਆਪਕ ਅਤੇ ਵਿਦਿਆਰਥੀ ਵਿਚ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਹਿਸੂਸ ਕੀਤਾ | ਉਨ੍ਹਾਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਸਭ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਅੰਤ ਵਿਚ ਸਕੂਲ ਵਲੋਂ ਸੱਤਿਆ ਦੇਵੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਵਿਦਾਇਗੀ ਸਮਾਰੋਹ ਭਾਵਕ ਪਲਾਂ ਦੇ ਨਾਲ ਸਮਾਪਤ ਹੋਇਆ | ਇਹ ਵਿਦਾਇਗੀ ਸਮਾਰੋਹ ਸਾਰੇ ਅਧਿਆਪਕਾਂ ਲਈ ਇੱਕ ਅਮਿੱਟ ਯਾਦ ਬਣ ਗਿਆ |