ਹਲਵਾਰਾ, 3 ਮਈ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਲਾਗਲੇ ਪਿੰਡ ਬੁਰਜ ਲਿੱਟਾਂ ਦੇ ਗੁਰਮੇਲ ਸਿੰਘ ਦੀ ਬੀਤੇ ਕੱਲ੍ਹ ਕੋਈ ਟਰੈਕਟਰ ਸਵਾਰ ਚੋਰ ਟਰਾਲੀ ਨੂੰ ਚੋਰੀ ਕਰਕੇ ਲੈ ਗਿਆ ਸੀ | ਟਰਾਲੀ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਟਰਾਲੀ ਚੋਰੀ ਹੋਣ 'ਤੇ ਉਸ ਨੇ ਥਾਣਾ ਸੁਧਾਰ 'ਚ ਸ਼ਿਕਾਇਤ ਵੀ ਦਿੱਤੀ ਤੇ ਨਾਲ ਹੀ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੋਟੋਆਂ ਵੀ ਦਿੱਤੀਆਂ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਟਰਾਲੀ ਚੋਰੀ ਦੇ ਵਾਪਰੇ ਸਾਰੇ ਘਟਨਾਕ੍ਰਮ ਦੀਆਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਪਾ ਦਿੱਤੀਆਂ ਸਨ ਤੇ ਚੋਰ ਨੂੰ ਭਿਣਕ ਪੈਣ 'ਤੇ ਉਹ ਰਾਏਕੋਟ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਪਾਰਕਿੰਗ 'ਚ ਟਰਾਲੀ ਖੜ੍ਹਾ ਕਰਕੇ ਚਲਾ ਗਿਆ ਤੇ ਨੇੜੇ ਦੇ ਦੁਕਾਨਦਾਰ ਦੇ ਫੋਨ ਤੋਂ ਫੋਨ ਕਰਕੇ ਟਰਾਲੀ ਮਾਲਕ ਗੁਰਮੇਲ ਸਿੰਘ ਨੂੰ ਆਪਣੀ ਟਰਾਲੀ ਲੈ ਜਾਣ ਲਈ ਕਿਹਾ | ਗੁਰਮੇਲ ਸਿੰਘ ਨੇ ਦੱਸਿਆ ਉਹ ਆਪਣੀ ਟਰਾਲੀ ਲੈ ਆਏ ਹਨ | ਟਰਾਲੀ ਦੇ ਕਈ ਹਿੱਸਿਆਂ ਦਾ ਰੰਗ ਚੋਰ ਨੇ ਬਦਲੀ ਕਰ ਦਿੱਤਾ ਸੀ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰ ਦੀ ਸ਼ਨਾਖਤ ਕੀਤੀ ਜਾਵੇ ਤੇ ਹੋਰ ਵੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ | ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਟਰਾਲੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ |