ਲੁਧਿਆਣਾ, 4 ਮਈ (ਜਤਿੰਦਰ ਭੰਬੀ)-ਪੰਜਾਬ ਕਾਂਗਰਸ ਦੇ ਸਕੱਤਰ ਰਮੇਸ਼ ਜੋਸ਼ੀ ਨੇ ਕਿਹਾ ਕਿ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਫ਼ ਕਾਂਗਰਸ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ | ਉਨ੍ਹਾਂ ਕਿਹਾ ਕਿ ਸਾਲ 2022 ਵਿਚ ਬਦਲਾਅ ਦੇ ਨਾਮ 'ਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਸੰਭਾਲਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਅੱਜ ਪੰਜਾਬ ਵਿਚ ਲੁੱਟ ਖੋਹ, ਅਪਰਾਧ, ਨਸ਼ਾਖੋਰੀ, ਗੈਂਗਵਾਰ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ | ਦੇਸ਼ ਵਿਰੋਧੀ ਤਾਕਤਾਂ ਬੰਬ ਧਮਾਕੇ ਕਰਕੇ ਸਰਕਾਰ ਨੂੰ ਖੁੱਲ੍ਹੀ ਚੁਨੌਤੀ ਦੇ ਰਹੀਆਂ ਹਨ | ਆਮ ਲੋਕ ਡਰ ਦੇ ਮਾਹੌਲ ਵਿਚ ਜੀਵਨ ਬਿਤਾਉਣ ਲਈ ਮਜਬੂਰ ਹਨ | ਰਮੇਸ਼ ਜੋਸ਼ੀ ਨੇ ਕਿਹਾ ਕਿ ਲੋਕਾਂ ਨੇ ਵੱਡੇ ਭਰੋਸੇ ਨਾਲ ਮੌਜੂਦਾ ਸਰਕਾਰ ਨੂੰ ਸੱਤਾ ਸੌਂਪੀ ਸੀ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ | ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪੂਰੇ ਬਹੁਮਤ ਨਾਲ ਸੱਤਾ ਵਿਚ ਵਾਪਸੀ ਕਰੇਗੀ | ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਪੰਜਾਬ ਵਿਚ ਮੁੜ ਅਮਨ-ਸ਼ਾਂਤੀ ਕਾਇਮ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ, ਕਿਸਾਨਾਂ ਨੂੰ ਰਾਹਤ ਅਤੇ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ |