ਲੁਧਿਆਣਾ, 9 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਚ ਰਹਿੰਦੇ ਇਕ ਪ੍ਰਾਪਰਟੀ ਡੀਲਰ ਵਲੋਂ ਬੀਤੇ ਦਿਨ ਕੀਤੀ ਖੁਦਕੁਸ਼ੀ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ ਹੈ | ਅੱਜ ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਤੇ ਪਰਿਵਾਰਿਕ ਮੈਂਬਰਾਂ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ | ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ਹਿਰ ਦੇ ਮਸ਼ਹੂਰ ਪ੍ਰਾਪਰਟੀ ਡੀਲਰ ਪਰਵਿੰਦਰ ਸਿੰਘ ਉਰਫ ਰਿੰਪੀ ਅਨੇਜਾ ਵਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਸੀ | ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਇਕ ਵੀਡੀਓ ਬਣਾਈ, ਜਿਸ ਵਿਚ ਕੁੱਝ ਲੋਕਾਂ ਵਲੋਂ ਉਸ ਨੂੰ ਤੰਗ ਪਰੇਸ਼ਾਨ ਕਰਨ ਬਾਰੇ ਦੋਸ਼ ਲਗਾਏ ਗਏ ਸਨ | ਪੁਲਿਸ ਵਲੋਂ ਇਸ ਮਾਮਲੇ ਵਿਚ ਮਿ੍ਤਕ ਪ੍ਰਾਪਰਟੀ ਡੀਲਰ ਪਰਵਿੰਦਰ ਸਿੰਘ ਉਰਫ ਰਿੰਪੀ ਅਨੇਜਾ ਦੀ ਪਤਨੀ ਜਸਲੀਨ ਕੌਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ 'ਤੇ ਰਜੇਸ਼ ਬਾਂਸਲ, ਵਿਨੋਦ ਸਿਆਲ ਨਗਰ ਸੁਧਾਰ ਟਰੱਸਟ ਦਾ ਮੁਲਾਜ਼ਮ ਹਰਪ੍ਰੀਤ ਸਿੰਘ, ਪੰਕਜ ਗੁਪਤਾ, ਖੁਸ਼ਵੰਤ ਸਿੰਘ ਪ੍ਰਾਪਰਟੀ ਡੀਲਰ ਰਿਸ਼ਮਜੀਤ ਸਿੰਘ ਗਾਬਾ ਪ੍ਰਾਪਰਟੀ ਡੀਲਰ ਅਜੀਤ ਸਿੰਘ ਸਵਰਾਜ ਸੰਜੂ ਗੋਇਲ ਅਨਿਲ ਕੁਮਾਰ, ਰਣਵੀਰ ਕੌਰ ਗਿੱਲ ਵਾਸੀ ਅੰਮਿ੍ਤਸਰ ਅਤੇ ਤਰੁਣ ਗੋਇਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ, ਪਰ ਦੋ ਦਿਨ ਬੀਤ ਜਾਣ ਉਪਰੰਤ ਵੀ ਜਦੋਂ ਪੁਲਿਸ ਵਲੋਂ ਨਾਮਜ਼ਦ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਕੀਤੀ ਤਾਂ ਅੱਜ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿੰਨਾ ਚਿਰ ਤੱਕ ਨਾਮਜ਼ਦ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ ਹੋ ਜਾਂਦੀ, ਓਨੀ ਦੇਰ ਤੱਕ ਉਹ ਮਿ੍ਤਕ ਦਾ ਸੰਸਕਾਰ ਨਹੀਂ ਕਰਨਗੇ | ਜ਼ਿਕਰਯੋਗ ਹੈ ਕਿ ਨਾਮਜ਼ਦ ਕਥਿਤ ਦੋਸ਼ੀ ਸ਼ਹਿਰ ਦੇ ਰਸੁਖਦਾਰ ਹਨ ਅਤੇ ਹਰੇਕ ਦਾ ਵੱਡਾ ਕਾਰੋਬਾਰ ਹੈ, ਜਦਕਿ ਦੂਜੇ ਪਾਸੇ ਥਾਣਾ ਦੁੱਗਰੀ ਦੇ ਐਸ.ਐਚ.ਓ. ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਾਮਜ਼ਦ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਵੱਖ ਵੱਖ ਥਾਵਾਂ 'ਤੇ ਛਾਪਾਮਾਰੀ ਕੀਤੀ ਗਈ ਹੈ | ਉਨ੍ਹਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |