ਲੁਧਿਆਣਾ, 9 ਮਈ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਸੁਭਾਸ਼ ਨਗਰ ਸਥਿਤ ਗ੍ਰੀਨ ਲੈਂਡ ਸਕੂਲ 'ਚ ਇਕ ਮਹਿਲਾ ਅਧਿਆਪਕ ਵਲੋਂ ਛੋਟੀ ਬੱਚੀ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੰਗਾਮੇ ਵਾਲਾ ਮਾਹੌਲ ਬਣ ਗਿਆ | ਦੋਸ਼ ਹੈ ਕਿ ਹੋਮ-ਵਰਕ ਪੂਰਾ ਨਾ ਕਰਨ ਕਾਰਨ ਅਧਿਆਪਕਾ ਨੇ ਬੱਚੀ ਨੰੂ ਸਟੀਲ ਦੇ ਸਕੇਲ ਨਾਲ ਬੇਰਹਿਮੀ ਨਾਲ ਕੁੱਟਿਆ | ਜਿਸ ਕਾਰਨ ਬੱਚੀ ਦੇ ਪੱਟਾਂ 'ਤੇ ਨੀਲ ਪੈ ਗਏ ਅਤੇ ਉਹ ਡਰ ਨਾਲ ਸਹਿਮ ਗਈ | ਪਰਿਵਾਰਕ ਮੈਂਬਰਾਂ ਮੁਤਾਬਿਕ ਘਟਨਾ ਤੋਂ ਬਾਅਦ ਬੱਚੀ ਪੂਰਾ ਦਿਨ ਡਰੀ ਸਹਿਮੀ ਰਹੀ ਅਤੇ ਉਸ ਨੰੂ ਦੁਪਹਿਰ 12 ਵਜੇ ਤੋਂ ਬਾਅਦ ਪਾਣੀ ਤੱਕ ਨਹੀਂ ਪੀਣ ਦਿੱਤਾ ਗਿਆ | ਜਦੋਂ ਬੱਚੀ ਘਰ ਪਹੰੁਚੀ ਤਾਂ ਮਾਪਿਆਂ ਨੇ ਉਸ ਦੀ ਹਾਲਤ ਦੇਖ ਕੇ ਤੁਰੰਤ ਪੁੱਛਗਿੱਛ ਕੀਤੀ | ਬੱਚੀ ਦੇ ਸਰੀਰ 'ਤੇ ਪਏ ਨਿਸ਼ਾਨ ਅਤੇ ਉਸ ਦੀ ਡਰੀ ਹੋਈ ਹਾਲਤ ਦੇਖ ਮਾਪਿਆਂ ਦੇ ਹੋਸ਼ ਉਡ ਗਏ | ਇਸ ਤੋਂ ਬਾਅਦ ਗ਼ੁੱਸੇ 'ਚ ਆਏ, ਮਾਪੇ ਤੁਰੰਤ ਸਕੂਲ ਪਹੁੰਚੇ ਅਤੇ ਸਕੂਲ ਪ੍ਰਬੰਧਨ ਕੋਲ ਸਖ਼ਤ ਰੋਸ ਜਤਾਇਆ | ਮਾਪਿਆਂ ਨੇ ਦੋਸ਼ੀ ਅਧਿਆਪਕਾ ਨੂੰ ਤੁਰੰਤ ਸਸਪੈਂਡ ਕਰਨ ਅਤੇ ਉਸ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ | ਸੂਤਰਾਂ ਅਨੁਸਾਰ ਸ਼ੁਰੂ ਵਿਚ ਸੰਬੰਧਿਤ ਅਧਿਆਪਕਾ ਨੇ ਸਾਰੇ ਦੋਸ਼ਾਂ ਨੰੂ ਤੋਂ ਇਨਕਾਰ ਕਰ ਦਿੱਤਾ, ਪਰ ਜਦੋਂ ਸਕੂਲ ਦੀ ਸੀ.ਸੀ. ਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਮਾਮਲੇ ਦੀ ਸਚਾਈ ਸਾਹਮਣੇ ਆ ਗਈ | ਸਕੂਲ ਡਾਇਰੈਕਟਰ ਰਾਜੇਸ਼ ਰੁੱਦਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਅਧਿਆਪਕਾ ਨੇ ਸਕੂਲ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਵਿਹਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਕਤ ਅਧਿਆਪਕਾ ਨੰੂ ਸਸਪੈਂਡ ਕੀਤਾ ਜਾਵੇਗਾ | ਉਥੇ ਹੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ ਤੇ ਪੁੱਜੀ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਬੱਚੀ ਦੇ ਮਾਪੇ ਲਿਖਤੀ ਸ਼ਿਕਾਇਤ ਦਿੰਦੇ ਹਨ ਤਾਂ ਸੰਬੰਧਿਤ ਅਧਿਆਪਕਾ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ |