ਡਾਬਾ/ ਲੁਹਾਰਾ, 13 ਮਈ (ਕੁਲਵੰਤ ਸਿੰਘ ਸੱਪਲ)-ਡੀ. ਜੀ. ਐੱਸ. ਜੀ. ਪਬਲਿਕ ਸਕੂਲ ਦੇ ਅੰਡਰ-14 ਖਿਡਾਰੀਆਂ ਨੇ ਕਿੱਕ ਬਾਕਸਿੰਗ ਮੁਕਾਬਲੇ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ | ਇਹ ਮੁਕਾਬਲਾ ਜ਼ਿਲ੍ਹਾ ਪੱਧਰ ਤੇ ਡੀ.ਏ.ਵੀ. ਸਕੂਲ ਜਗਰਾਉਂ ਵਿਖੇ ਕਰਵਾਇਆ ਗਿਆ ਸੀ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਵਿਚ ਡੀ.ਜੀ. ਐੱਸ.ਜੀ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਆਪਣੇ ਹੁਨਰ, ਅਨੁਸ਼ਾਸਨ ਅਤੇ ਮਿਹਨਤ ਦੇ ਬਲ 'ਤੇ ਵਿਰੋਧੀ ਖਿਡਾਰੀਆਂ ਨੂੰ ਹਰਾ ਕੇ 3 ਸੋਨ, 2 ਚਾਂਦੀ ਅਤੇ 4 ਤਾਂਬੇ ਦੇ ਤਗਮੇ ਆਪਣੇ ਨਾਮ ਕੀਤੇ | ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਸਕੂਲ ਦਾ ਨਾਮ ਚਮਕਾ ਕੇ ਜਿੱਤ ਆਪਣੇ ਨਾਂ ਕਰਨ ਤੇ ਵਧਾਈ ਦਿੱਤੀ ਅਤੇ ਸਕੂਲ ਨੂੰ ਹਮੇਸ਼ਾ ਸਿੱਖਰਾਂ ਤੇ ਲੈ ਕੇ ਜਾਣ ਦੀ ਕਾਮਨਾ ਵੀ ਕੀਤੀ | ਸਕੂਲ ਦੇ ਪਿ੍ੰਸੀਪਲ ਡਾ. ਰਜਨੀ ਐਂਗਰੀਸ਼ ਨੇ ਕਿੱਕ ਬਾਕਸਿੰਗ ਦੇ ਕੋਚ ਸ: ਅਮਰਜੀਤ ਸਿੰਘ ਤੇ ਉਨ੍ਹਾਂ ਦੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਆਖਿਆ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਖੇਡਾਂ ਵਿਚ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਖੇਡਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਪੜ੍ਹਾਈ ਵਿਚ ਵੀ ਵਧੀਆ ਪ੍ਰਦਰਸ਼ਨ ਕਰਦੇ ਹਨ | ਇਸ ਰਾਹੀਂ ਹੀ ਉਨ੍ਹਾਂ ਦਾ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵੱਧਦੀ ਹੈ ਅਤੇ ਉਹ ਵਿਦਿਆਰਥੀ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹੁੰਦੇ ਹਨ |