ਲੁਧਿਆਣਾ, 13 ਮਈ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸੰਕੇਤ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੀ ਘੋਰ ਨਿੰਦਾ ਕੀਤੀ ਗਈ | ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿਖੇ ਸੰਕੇਤ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਦਫਤਰਾਂ ਦੀਆਂ ਤਖ਼ਤੀਆਂ ਅਤੇ ਹੋਰ ਸੰਕੇਤ ਬੋਰਡਾਂ ਉੱਪਰੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਹੁਣ ਸਭ ਤੋਂ ਉੱਪਰ ਹਿੰਦੀ, ਫੇਰ ਅੰਗਰੇਜ਼ੀ ਅਤੇ ਫੇਰ ਬ੍ਰੇਲ ਲਿੱਪੀ ਵਿਚ ਤਖ਼ਤੀਆਂ ਲਗਾਈਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਤਖ਼ਤੀਆਂ ਤੇ ਸੰਕੇਤ ਬੋਰਡਾਂ ਵਿਚ ਸਭ ਤੋਂ ਉੱਪਰ ਪੰਜਾਬੀ ਲਿਖੀ ਜਾਂਦੀ ਸੀ | ਉਨ੍ਹਾਂ ਕਿਹਾ ਪੰਜਾਬ ਯੂਨੀਵਰਸਿਟੀ ਦੇ ਉੱਚ-ਅਧਿਕਾਰੀਆਂ ਦਾ ਇਹ ਫ਼ੈਸਲਾ ਨਾਬਰਦਾਸ਼ਤ ਯੋਗ ਹੈ | ਉਨ੍ਹਾਂ ਦੱਸਿਆ ਯੂਨੀਵਰਸਿਟੀ ਦੇ ਉਪਰੋਕਤ ਫ਼ੈਸਲੇ ਸੰਬੰਧੀ ਅਕਾਦਮੀ ਵਲੋਂ ਯੂਨਵਰਸਿਟੀ ਦੇ ਉਪ-ਕਲੁਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖੇ ਗਏ ਹਨ | ਅਕਾਦਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਉਪਰੋਕਤ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਕਾਦਮੀ ਇਹ ਵੀ ਕਹਿਣਾ ਚਾਹੁੰਦੀ ਹੈ ਕਿ ਜੇਕਰ ਪੰਜਾਬ ਯੂਨੀਵਰਸਿਟੀ ਨੇ ਆਪਣਾ ਇਹ ਆਪਹੁਦਰਾ ਫ਼ੈਸਲਾ ਵਾਪਸ ਨਾ ਲਿਆ ਅਤੇ ਪੰਜਾਬੀ ਭਾਸ਼ਾ ਦੀ ਪੁਰਾਣੀ ਸਥਿਤੀ ਬਹਾਲ ਨਾ ਕੀਤੀ, ਤਾਂ ਅਕਾਦਮੀ ਪੰਜਾਬ ਯੂਨੀਵਰਸਿਟੀ ਦੇ ਇਸ ਫ਼ੈਸਲੇ ਵਿਰੁੱਧ ਵੱਡੇ ਪੱਧਰ ਉੱਪਰ ਸੰਘਰਸ਼ ਵਿੱਢੇਗੀ |