ਲੁਧਿਆਣਾ, 13 ਮਈ (ਜਸਵਿੰਦਰ ਸਿੰਘ)-ਐਸ.ਸੀ.ਡੀ. ਸਰਕਾਰੀ ਕਾਲਜ ਨੇ ਆਧੁਨਿਕ ਅਤੇ ਸਮਾਵੇਸ਼ੀ ਸਿੱਖਿਆ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਅਤਿਆਧੁਨਿਕ ਈ-ਲਾਇਬ੍ਰੇਰੀ ਦਾ ਉਦਘਾਟਨ ਕੀਤਾ | ਇਸ ਸਹੂਲਤ ਦਾ ਰਸਮੀ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਸਿੱਧੂ (ਆਤਮ ਨਗਰ ਵਿਧਾਨ ਸਭਾ ਹਲਕਾ, ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਕੀਤਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ, ਵਾਈਸ ਪਿ੍ੰਸੀਪਲ ਡਾ. ਪੂਨਮ ਮਹਾਜਨ, ਲਾਇਬ੍ਰੇਰੀਅਨ ਭਰਪੂਰ ਸਿੰਘ, ਪ੍ਰੋਫੈਸਰ ਸਾਹਿਬਾਨ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ | ਨਵੀਂ ਸਥਾਪਿਤ ਈ-ਲਾਇਬ੍ਰੇਰੀ ਵਿਦਿਆਰਥੀਆਂ ਨੂੰ ਇੰਟਰਨੈੱਟ ਸਹੂਲਤ ਦੇ ਨਾਲ-ਨਾਲ ਵੱਖ-ਵੱਖ ਅਕਾਦਮਿਕ ਜਰਨਲਾਂ, ਈ-ਪੁਸਤਕਾਂ, ਰਿਸਰਚ ਪੇਪਰਾਂ ਅਤੇ ਡਿਜਟਿਲ ਸਰੋਤਾਂ ਤੱਕ ਪਹੁੰਚ ਪ੍ਰਦਾਨ ਕਰੇਗੀ | ਕਾਲਜ ਪ੍ਰਸ਼ਾਸਨ ਨੇ ਵਿਸ਼ਵਾਸ਼ ਜਤਾਇਆ ਕਿ ਇਸ ਤਰ੍ਹਾਂ ਦੀਆਂ ਆਧੁਨਿਕ ਡਿਜੀਟਲ ਸਹੂਲਤਾਂ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਖੋਜ ਪ੍ਰਤੀ ਰੁਝਾਨ ਅਤੇ ਜਾਗਰੂਕਤਾ ਵਿਚ ਵਾਧਾ ਹੋਵੇਗਾ | ਇਕ ਵਿਸ਼ੇਸ਼ ਉਪਲਬਧੀ ਵਜੋਂ ਐਸਸੀਡੀ ਸਰਕਾਰੀ ਕਾਲਜ ਪੰਜਾਬ ਦਾ ਪਹਿਲਾ ਸਰਕਾਰੀ ਕਾਲਜ ਬਣ ਗਿਆ ਹੈ, ਜਿੱਥੇ ਨੇਤਰਹੀਣ ਵਿਦਿਆਰਥੀਆਂ ਲਈ ਵਿਸ਼ੇਸ਼ ਕੀਬੋ ਉਪਕਰਣ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ | ਇਹ ਅਧੁਨਿਕ ਤਕਨਾਲੋਜੀ ਕਿਸੇ ਵੀ ਪੁਸਤਕ ਦੀ ਸਮੱਗਰੀ ਨੂੰ ਖੇਤਰੀ ਭਾਸ਼ਾਵਾਂ ਸਮੇਤ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਤਬਦੀਲ ਕਰਨ ਸਮਰੱਥ ਹੈ, ਜਿਸ ਨਾਲ ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਲਈ ਪਾਠ ਸਮੱਗਰੀ ਸੌਖੀ ਤਰ੍ਹਾਂ ਉਪਲਬਧ ਹੋ ਸਕੇਗੀ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਾਲਜ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿੱਖਿਆ ਦੀ ਗੁਣਵੱਤਾ ਨੂੰ ਨਵੀਂ ਦਿਸ਼ਾ ਦੇਣਗੇ |