ਲੁਧਿਆਣਾ, 16 ਮਈ (ਜਤਿੰਦਰ ਭੰਬੀ)-ਨਗਰ ਨਿਗਮ ਦੇ ਵਾਰਡ 44 ਵਿਚ ਕਾਂਗਰਸੀ ਆਗੂ ਮਨੀ ਦੇ ਗ੍ਰਹਿ ਵਿਖੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਕੀਤੇ ਜਾ ਰਹੇ ਖੋਖਲੇ ਦਾਅਵਿਆਂ ਨੂੰ ਉਜਾਗਰ ਕਰਨ ਲਈ ਰਣਨੀਤਿਕ ਵਿਉਂਤਬੰਦੀ ਕੀਤੀ ਗਈ | ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਵਲੋਂ ਧੜਾ-ਧੜ ਕੀਤੇ ਜਾ ਰਹੇ ਐਲਾਨਾਂ ਦਾ ਜਨਾਜ਼ਾ ਨਿਕਲ ਚੁੱਕਿਆ ਹੈ, ਕਿਉਂਕਿ ਸੂਬਾ ਸਰਕਾਰ ਵਲੋਂ ਵਾਅਦਿਆਂ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਜਾ ਰਿਹਾ, ਸਿਰਫ਼ ਐਲਾਨ ਹੀ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਅਸਲੀਅਤ ਕੁੱਝ ਹੋਰ ਹੈ | ਬੈਂਸ ਨੇ ਸਰਗਰਮ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਪਾਰਟੀ ਦੇ ਝੰਡੇ ਹੇਠ ਇਕਜੁੱਟ ਹੋ ਕੇ ਇਸ ਲੋਕ ਵਿਰੋਧੀ ਸਰਕਾਰ ਦਾ ਡਟ ਕੇ ਵਿਰੋਧ ਕਰਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਨਤਾ ਦੀ ਆਵਾਜ਼ ਬਣ ਕੇ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਸਰਕਾਰ ਦੀ ਜਵਾਬਦੇਹੀ ਤੈਅ ਕਰੇਗੀ | ਇਸ ਮੌਕੇ ਤੇ ਬਲਾਕ ਪ੍ਰਧਾਨ ਲਖਬੀਰ ਸਿੰਘ ਸੰਧੂ ਸਾਬਕਾ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਬਲਦੇਵ ਸਿੰਘ ਪ੍ਰਧਾਨ ਗੋਗੀ ਆਦਿ ਹਾਜ਼ਰ ਸਨ |