ਆਲਮਗੀਰ, 20 ਮਈ (ਜਰਨੈਲ ਸਿੰਘ ਪੱਟੀ)-ਭਵਨੇਸ਼ਵਰ ਉੜੀਸਾ ਵਿਖੇ ਹੋਣ ਵਾਲੀ 31ਵੀਂ ਸਬ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸਪਿ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦੀਆਂ 3 ਖਿਡਾਰਨਾਂ ਦੀ ਚੋਣ ਹੋਣ 'ਤੇ ਸਕੂਲ ਵਿਚ ਖੁਸ਼ੀ ਦੀ ਲਹਿਰ ਹੈ | ਸਕੂਲ ਪਿ੍ੰਸੀਪਲ ਰਵਿੰਦਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਰਾਜਵੀਰ ਕੌਰ, ਮੋਗਣ ਤੇ ਲਕਸ਼ਮੀ ਨੇ ਪਹਿਲਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਉਪਰੰਤ ਰਾਜ ਪੱਧਰੀ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਿਲ ਕਰਕੇ ਆਪਣੇ ਜਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਵਧੀਆ ਪ੍ਰਦਰਸ਼ਨ ਦੇ ਆਧਾਰ 'ਤੇ ਉਕਤ ਹੋਣਹਾਰ ਖਿਡਾਰਨਾਂ ਦੀ ਚੋਣ ਨੈਸ਼ਨਲ ਪ੍ਰਤੀਯੋਗਿਤਾ ਜੋ ਕਿ 24 ਤੋਂ 29 ਮਈ ਤੱਕ ਭਵਨੇਸ਼ਵਰ ਉੜੀਸਾ ਵਿਖੇ ਕਰਵਾਈ ਜਾ ਰਹੀ ਹੈ, ਲਈ ਹੋਈ ਹੈ | ਪਿ੍ੰਸੀਪਲ ਰਵਿੰਦਰ ਸਿੰਘ ਅਤੇ ਡੀ.ਪੀ.ਈ ਨਿਰਮਲ ਕੌਰ ਨੇ ਕਿਹਾ ਕਿ ਖਿਡਾਰੀਆਂ ਵਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਹ ਨੈਸ਼ਨਲ ਪੱਧਰ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ | ਵਿਦਿਆਰਥਣਾਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਣ 'ਤੇ ਇੰਜੀਨੀਅਰ ਬਿੰਦਰ ਸਿੰਘ ਬਾਗੀ ਪ੍ਰਧਾਨ ਪਾਵਰ ਆਫ ਸੋਸਲ ਯੂਨਿਟੀ ਲੁਧਿਆਣਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਖਿਡਾਰੀਆਂ ਨਾਲ ਮਨਦੀਪ ਕੌਰ, ਸਰਬਜੀਤ ਕੌਰ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ |