ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੱਗੂ ਚੌਕ ਨੇੜੇ ਬੀਤੀ ਦੇਰ ਸ਼ਾਮ ਹੋਏ ਸੜਕ ਹਾਦਸੇ ਵਿਚ ਇਕ ਮਹਿਲਾ ਵਕੀਲ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਵਕੀਲ ਦੀ ਸ਼ਨਾਖਤ ਸ਼ਿਵਾਨੀ ਵਧਵਾ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 32 ਸਾਲ ਦੇ ਕਰੀਬ ਸੀ | ਉਹ ਜ਼ਿਲ੍ਹਾ ਕਚਹਿਰੀਆਂ ਵਿਚ ਇਕ ਵਕੀਲ ਪਾਸ ਪ੍ਰੈਕਟਿਸ ਕਰਦੀ ਸੀ | ਬੀਤੀ ਦੇਰ ਸ਼ਾਮ ਉਹ ਕੰਮ ਕਰਨ ਉਪਰੰਤ ਵਾਪਸ ਘਰ ਪਰਤ ਰਹੀ ਸੀ, ਜਦੋਂ ਉਹ ਸੱਗੂ ਚੌਕ ਨੇੜੇ ਪਹੁੰਚੀ ਤਾਂ ਇਕ ਤੇਜ਼ ਰਫ਼ਤਾਰ ਦੀ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਸਿੱਟੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਈ | ਗੰਭੀਰ ਹਾਲਤ 'ਚ ਉਸ ਨੂੰ ਦਿਆਨੰਦ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਕਾਰ ਇਕ ਮਹਿਲਾ ਚਲਾ ਰਹੀ ਸੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਅੱਖੀਂ ਦੇਖਣ ਵਾਲੇ ਲੋਕਾਂ ਮੁਤਾਬਿਕ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਮਹਿਲਾ ਸੰਤੁਲਨ ਗਵਾ ਬੈਠੀ ਤੇ ਸੜਕ 'ਤੇ ਐਕਟਿਵਾ 'ਤੇ ਜਾ ਰਹੀ ਮਹਿਲਾ ਵਕੀਲ ਨੂੰ ਲਪੇਟ 'ਚ ਲੈ ਲਿਆ | ਮਹਿਲਾ ਵਕੀਲ ਦੀ ਮੌਤ ਦੇ ਰੋਸ ਵਜੋਂ ਅੱਜ ਵਕੀਲਾਂ ਵਲੋਂ ਆਪਣਾ ਕੰਮਕਾਜ ਠੱਪ ਰੱਖਿਆ ਗਿਆ |