ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲਿਆਂ 'ਚ ਪੁਲਿਸ ਨੇ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਗਲੋਬਲ ਇਮੀਗ੍ਰੇਸ਼ਨ ਕੰਸਲਟੈਂਟ ਕਟਾਨੀ ਕਲਾਂ ਦੀ ਤਰਲੋਚਨ ਕੌਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਰਿਸ਼ਵ ਠਾਕੁਰ ਵਾਸੀ ਮੋਹਾਲੀ ਅਤੇ ਮਹਿਰਾ ਸ਼ਰਮਾ ਵਾਸੀ ਮੋਹਾਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਗ੍ਰਾਹਕਾਂ ਦੇ ਵਿਦੇਸ਼ ਵਿਚ ਵਰਕ ਪਰਮਿਟ ਦੇ ਵੀਜ਼ੇ ਲਗਵਾਉਣ ਲਈ ਉਕਤ ਕਥਿਤ ਦੋਸ਼ੀਆਂ ਨੂੰ ਦਿੱਤੇ ਸਨ, ਪਰ ਕਥਿਤ ਦੋਸ਼ੀਆਂ ਨੇ ਉਸ ਨੂੰ ਜਾਅਲੀ ਵੀਜ਼ੇ ਭੇਜ ਦਿੱਤੇ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਦੂਜੇ ਮਾਮਲੇ ਵਿਚ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਨਿਊ ਸੁਭਾਸ਼ ਨਗਰ ਦੀ ਸ਼ਿਕਾਇਤ 'ਤੇ ਸ਼ੋਇਬ ਅਰਮਾਨ ਵਾਸੀ ਮੁਹਾਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ ਪੰਜ ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਤੀਜੇ ਮਾਮਲੇ ਵਿਚ ਪੁਲਿਸ ਨੇ ਆਸ਼ਾ ਰਾਨੀ ਵਾਸੀ ਤਾਜਪੁਰ ਰੋਡ ਦੀ ਸ਼ਿਕਾਇਤ 'ਤੇ ਜਗਤਾਰ ਸਿੰਘ ਵਾਸੀ ਰਾਹੋਂ ਰੋਡ ਅਤੇ ਰਣਤੇਜ ਰਾਣਾ ਵਾਸੀ ਤਰਨਤਾਰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਕਥਿਤ ਦੋਸ਼ੀ ਉੱਤੇ ਵੀ ਉਸ ਦੇ ਲੜਕੇ ਸ਼ਿਕਾਇਤਕਰਤਾ ਦੇ ਲੜਕੇ ਰਮਨ ਕੁਮਾਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ 4 ਲੱਖ 19 ਹਜ਼ਾਰ ਦੀ ਨਗਦੀ ਲੈਣ ਦਾ ਦੋਸ਼ ਲਗਾਇਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |