ਮਾਛੀਵਾੜਾ ਸਾਹਿਬ, 25 ਮਈ (ਰਾਜਦੀਪ ਸਿੰਘ ਅਲਬੇਲਾ)-ਕੁਹਾੜਾ ਰੋਡ 'ਤੇ ਪੈਂਦੇ ਪਿੰਡ ਇਰਾਕ ਵਿਖੇ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਬਣਾਉਂਦੇ ਹੋਏ ਇੱਕ ਮੰਦਭਾਗੀ ਘਟਨਾ ਹੋਈ ਜਿਸ ਵਿੱਚ ਇੱਕ ਮਜ਼ਦੂਰ ਦੀ ਮੌਤ ਅਤੇ ਮਿਸਤਰੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ | ਜਾਣਕਾਰੀ ਮੁਤਾਬਿਕ ਜਦਕਿ ਮਿਸਤਰੀ ਸਰਬਜੀਤ ਸਿੰਘ ਵਾਸੀ ਤੱਖਰਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਮਜ਼ਦੂਰ ਧਰਮਿੰਦਰ ਦੀ ਮੌਤ ਹੋ ਗਈ | ਹਸਪਤਾਲ ਵਿਚ ਇਲਾਜ ਅਧੀਨ ਮਿਸਤਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਇਰਾਕ ਵਿਖੇ ਸਥਿਤ ਇੱਕ ਗੁਰੂ ਘਰ ਦੇ ਬਾਹਰ ਗੇਟ ਦਾ ਨਿਰਮਾਣ ਕਰਨ ਲਈ ਸ਼ਟਰਿੰਗ ਕਰ ਰਹੇ ਸਨ | ਕੱਲ੍ਹ ਜਦੋਂ ਉਹ ਕੰਮ ਕਰ ਰਹੇ ਸਨ ਤਾਂ ਅਚਾਨਕ ਨੇੜੇ ਲੰਘਦੀਆਂ ਬਿਜਲੀ ਤਾਰਾਂ ਉਨ੍ਹਾਂ ਨੂੰ ਛੂਹ ਗਈਆਂ ਜਿਸ ਕਾਰਨ ਮਿਸਤਰੀ ਤੇ ਮਜ਼ਦੂਰ ਦੋਵੇਂ ਜ਼ਖ਼ਮੀ ਹੋ ਗਏ | ਦੋਵਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਧਰਮਿੰਦਰ ਨੂੰ ਮਿ੍ਤਕ ਕਰਾਰ ਦੇ ਦਿੱਤਾ ਜਦਕਿ ਸਰਬਜੀਤ ਸਿੰਘ ਹਸਪਤਾਲ ਵਿਚ ਇਲਾਜ ਅਧੀਨ ਹੈ | ਧਰਮਿੰਦਰ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਜੋ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ | ਇਸ ਦੁਖਦਾਈ ਘਟਨਾ ਨਾਲ ਪਿੰਡ ਰਾਣਵਾਂ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਨਮ ਅੱਖਾਂ ਨਾਲ ਧਰਮਿੰਦਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਕੀਤੀ ਜਾਵੇ |