ਲੁਧਿਆਣਾ, 26 ਮਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਫ਼ਿਰੋਜ਼ਪੁਰ ਰੋਡ ਇਲਾਕੇ ਵਿਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਪਾਮ ਕੋਰਟ ਨੇੜੇ ਸਥਿਤ ਗਣਪਤੀ ਟਿੰਬਰ ਟਰੇਡਰਸ ਦੇ ਇਕ ਵੱਡੇ ਟਿੰਬਰ ਗੋਦਾਮ ਵਿਚ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ | ਕੁਝ ਸਮੇਂ ਵਿਚ ਅੱਗ ਨੇ ਪੂਰੇ ਗੋਦਾਮ ਨੰੂ ਆਪਣੀ ਲਪੇਟ ਵਿਚ ਲੈ ਲਿਆ ਅਤੇ ਗੋਦਾਮ ਵਿਚ ਪਿਆ ਲੱਕੜ, ਪਲਾਈਵੱੁਡ ਅਤੇ ਹੋਰ ਜਲਨਸ਼ੀਲ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਇੰਨੀ ਭਿਆਨਕ ਸੀ ਕਿ ਦੂਰ-ਦੂਰ ਤੱਕ ਕਾਲੇ ਧੰੂਏਾ ਦੇ ਗੁਬਾਰ ਅਤੇ ਅੱਗ ਦੀਆਂ ਉਚੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ | ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਨੇੜਲੇ ਲੋਕ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ | ਚਸ਼ਮਦੀਦਾਂ ਮੁਤਾਬਿਕ ਅੱਗ ਤੇਜ਼ੀ ਨਾਲ ਫੈਲਣ ਕਾਰਨ ਕੁੱਝ ਸਮੇਂ ਲਈ ਸਥਿਤੀ ਬੇਕਾਬੂ ਹੋ ਗਈ ਸੀ | ਸਥਾਨਕ ਨਿਵਾਸੀਆਂ ਵਲੋਂ ਤੁਰੰਤ ਫਾਇਰ ਬਿ੍ਗੇਡ ਨੰੂ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ | ਫਾਇਰ ਕਰਮਚਾਰੀਆਂ ਨੇ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿਚ ਵੱਡੀ ਮਾਤਰਾ ਵਿਚ ਲੱਕੜ ਅਤੇ ਪਲਾਈਵੁੱਡ ਪਿਆ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲੀ, ਜਿਸ ਨਾਲ ਬਚਾਅ ਕਾਰਜਾਂ ਵਿਚ ਮੁਸ਼ਕਿਲਾਂ ਆਈਆਂ | ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਲੱਖਾਂ ਰੁਪਏ ਦਾ ਦੱਸਿਆ ਜਾ ਰਿਹਾ ਹੈ | ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ ਤੇ ਉਨ੍ਹਾਂ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਸ਼ੁਰੂਆਤੀ ਜਾਂਚ ਵਿਚ ਸ਼ਾਰਟ ਸਰਕਟ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਹਾਲਾਂਕਿ ਅਧਿਕਾਰਕ ਤੌਰ 'ਤੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ |