ਅੱਤ ਦੀ ਗਰਮੀ 'ਚ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕਾਂ 'ਚ ਮਚੀ ਹਾਹਾਕਾਰ <br/>
ਅਜੀਤ ਡੈਸਕ
27-05-2026
ਗਰਮੀ ਅਤੇ ਅਣ-ਐਲਾਨੇ ਕੱਟਾਂ ਕਰਕੇ ਇਨਵਰਟਰਾਂ ਨੇ ਕੰਮ ਕਰਨਾ ਛੱਡਿਆ
ਅੱਤ ਦੀ ਪੈ ਰਹੀ ਗਰਮੀ 'ਚ ਟਰਾਂਸਫਾਰਮਰਾਂ ਨੇ ਕੰਮ ਕਰਨਾ ਛੱਡ ਦਿੱਤਾ ਅਤੇ ਲੋਕ ਬਿਜਲੀ ਆਉਣ ਦੀ ਉਡੀਕ 'ਚ ਤ੍ਰਾਹ-ਤ੍ਰਾਹ ਕਰ ਰਹੇ ਹਨ | ਬਿਜਲੀ ਦੇ ਕੱਟਾਂ ਕਾਰਨ ਘਰਾਂ 'ਚ ਲੱਗੇ ਇਨਵਰਟਰ ਵੀ ਕੰਮ ਕਰਨਾ ਬੰਦ ਕਰ ਗਏ | ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਦਾ ਲੋਡ ਘੱਟ-ਵੱਧ ਆਉਣ ਕਰਕੇ ਲੋਕਾਂ ਦੇ ਬਿਜਲੀ ਉਪਕਰਨ ਤਾਂ ਸੜ ਹੀ ਰਹੇ ਹਨ ਅਤੇ ਇਨਵਰਟਰਾਂ ਵਿਚ ਤਕਨੀਕੀ ਨੁਕਸ ਕਾਰਨ ਫਿਊਜ ਵੀ ਉਡਣੇ ਸ਼ੁਰੂ ਹੋ ਗਏ ਹਨ |
ਬਿਜਲੀ ਦੀ ਨਿਰਵਿਘਨ ਸਪਲਾਈ ਦੇਣ 'ਚ ਫੇਲ੍ਹ ਸਾਬਿਤ ਹੋਈ ਸਰਕਾਰ-ਚੌਹਾਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਜੈਮਲ ਸਿੰਘ ਚੌਹਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਵਿਚ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ | ਉਨ੍ਹਾਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ 'ਚ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਨੇ ਸਰਕਾਰ ਅਸਲੀ ਚਿਹਰਾ ਸਾਹਮਣੇ ਲਿਆ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਬਿਜਲੀ ਕਾਮਿਆਂ ਦੀ ਭਰਤੀ ਕਰਕੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬਿਜਲੀ ਘਰਾਂ ਵਿਚ ਖੱਜਲ ਖੁਆਰ ਨਾ ਹੋਣਾ ਪਵੇ |