ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਮਾਰਕੀਟ ਵਿਚ ਬੀਤੀ ਰਾਤ ਉਸ ਵਕਤ ਹੰਗਾਮਾ ਹੋ ਗਿਆ, ਜਦੋਂ ਕਿ ਪੋਤੀ ਨਾਲ ਆਈਸਕ੍ਰੀਮ ਖਾਣ ਲਈ ਆਏ ਬਜ਼ੁਰਗ ਨੂੰ ਪੁਲਿਸ ਵਾਲਿਆਂ ਨੇ ਇਕ ਵੀ.ਆਈ.ਪੀ. ਦੇ ਆਉਣ ਦਾ ਹਵਾਲਾ ਦੇ ਕੇ ਮਾਰਕੀਟ ਵਿਚ ਜਾਣ ਤੋਂ ਰੋਕ ਦਿੱਤਾ | ਇਸ 'ਤੇ ਬਜ਼ੁਰਗ ਵਲੋਂ ਪੁਲਿਸ ਵਾਲਿਆਂ ਦੀ ਵੀਡੀਓ ਬਣਾ ਲਈ, ਜਿਸ ਵਿਚ ਪੁਲਿਸ ਵਾਲੇ ਇਕ ਉਚ ਅਧਿਕਾਰੀ ਦੇ ਮਾਰਕੀਟ ਵਿਚ ਆਉਣ ਦਾ ਹਵਾਲਾ ਦੇ ਕੇ ਮਾਰਕੀਟ ਵਿਚ ਆਵਾਜਾਈ ਬੰਦ ਕਰਨ ਦੀ ਗੱਲ ਕਰ ਰਹੇ ਸਨ | ਬਜ਼ੁਰਗ ਵਲੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀ ਗਈ, ਜੋ ਕਿ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ, ਜਦੋਂ ਬਜ਼ੁਰਗ ਦੀਪਕ ਗਰਗ ਆਪਣੀ ਪੋਤੀ ਨਾਲ ਆਈਸਕ੍ਰੀਮ ਖਾਣ ਲਈ ਦੁੱਗਰੀ ਮਾਰਕੀਟ ਵਿਚ ਗਿਆ ਸੀ | ਅਜੇ ਉਹ ਮਾਰਕੀਟ ਵਿਚ ਦਾਖਲ ਹੋ ਰਿਹਾ ਸੀ ਕਿ ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਸ ਨੰੂ ਮਾਰਕੀਟ ਅੰਦਰ ਜਾਣ ਤੋਂ ਰੋਕ ਦਿੱਤਾ | ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇੱਥੇ ਇਕ ਉਚ ਅਧਿਕਾਰੀ ਨੇ ਆਉਣਾ ਹੈ, ਜਿਸ ਕਾਰਨ ਮਾਰਕੀਟ ਵਿਚ ਆਵਾਜਾਈ ਬੰਦ ਕਰ ਦਿੱਤੀ ਗਈ ਹੈ¢ ਬਜ਼ੁਰਗ ਨੇ ਦੱਸਿਆ ਕਿ ਉਹ ਇੰਨੀ ਦੂਰ ਪੈਦਲ ਨਹੀਂ ਜਾ ਸਕਦਾ ਕਿਉਂਕਿ ਉਸ ਨੂੰ ਚੱਲਣ ਵਿਚ ਦਿੱਕਤ ਆ ਰਹੀ ਹੈ, ਪਰ ਪੁਲਿਸ ਵਾਲੇ ਆਪਣੀ ਜ਼ਿੱਦ 'ਤੇ ਅੜੇ ਰਹੇ | ਕਾਫ਼ੀ ਬਹਿਸ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਉਥੇ ਜਾਣ ਦੀ ਇਜਾਜ਼ਤ ਦੇ ਦਿੱਤੀ | ਜਦਕਿ ਬਾਕੀ ਆਵਾਜਾਈ ਨੂੰ ਰੋਕ ਦਿੱਤਾ, ਜਿਸ ਕਾਰਨ ਉਥੇ ਲੋਕਾਂ ਵਿਚ ਵੀ ਭਾਰੀ ਰੋਸ ਪਾਇਆ ਗਿਆ¢ ਹਾਲਾਂਕਿ ਪੰਜਾਬ ਸਰਕਾਰ ਵਲੋਂ ਵੀ.ਵੀ.ਆਈ.ਪੀ. ਕਲਚਰ ਨੂੰ ਬੰਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਕ ਅਧਿਕਾਰੀ ਦੇ ਆਉਣ 'ਤੇ ਮਾਰਕੀਟ ਵਿਚ ਆਵਾਜਾਈ ਬੰਦ ਕਰ ਦੇਣੀ, ਆਪਣੇ ਆਪ ਵਿਚ ਹੀ ਸਵਾਲ ਖੜੇ ਕਰਦੀ ਹੈ¢