ਲੁਧਿਆਣਾ, 29 ਮਈ (ਭੁਪਿੰਦਰ ਸਿੰਘ ਬੈਂਸ)ਚੱਲ ਰਹੇ ਡਿਜੀਟਲ ਜਨਗਣਨਾ-2027 ਦੇ ਤਹਿਤ ਸਥਿਤੀ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ, ਸੰਯੁਕਤ ਨਿਰਦੇਸ਼ਕ, ਜਨਗਣਨਾ ਸੰਚਾਲਨ ਡਾਇਰੈਕਟੋਰੇਟ ਪੰਜਾਬ, ਚੰਡੀਗੜ੍ਹ, ਆਰ.ਪੀ ਸਿੰਘ ਅਤੇ ਡਿਪਟੀ ਡਾਇਰੈਕਟਰ (ਜਨਗਣਨਾ) ਡਾ. ਰੁਚੀ ਗੁਪਤਾ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਫੀਲਡ ਨਿਰੀਖਣ ਕੀਤੇ | ਇਸ ਤੋਂ ਬਾਅਦ, ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿਖੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੀ ਪ੍ਰਧਾਨਗੀ ਹੇਠ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਵੀ ਕੀਤੀ ਗਈ | ਡਿਜ਼ੀਟਲ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਘਰ-ਘਰ ਸਰਵੇਖਣ ਚੱਲ ਰਿਹਾ ਹੈ ਅਤੇ ਇਹ 13 ਜੂਨ, 2026 ਤੱਕ ਜਾਰੀ ਰਹੇਗਾ | ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਵਸਨੀਕਾਂ ਤੋਂ ਰਿਹਾਇਸ਼ੀ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ | ਸੰਯੁਕਤ ਨਿਰਦੇਸ਼ਕ ਆਰ.ਪੀ. ਸਿੰਘ ਨੇ ਨਗਰ ਨਿਗਮ ਦੇ ਜ਼ੋਨ-ਬੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿਚ ਫੀਲਡ ਨਿਰੀਖਣ ਕੀਤੇ | ਨਿਰੀਖਣ ਦੌਰਾਨ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ-ਕਮ-ਜਨਗਣਨਾ ਚਾਰਜ ਅਫ਼ਸਰ ਨੀਰਜ ਜੈਨ ਸਮੇਤ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ | ਮੀਟਿੰਗ ਦੌਰਾਨ, ਡਿਜੀਟਲ ਜਨਗਣਨਾ-2027 ਦੇ ਚੱਲ ਰਹੇ ਪੜਾਅ-1 ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੰਮ ਨੂੰ ਤੇਜ਼ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ |