ਲੁਧਿਆਣਾ, 29 ਮਈ (ਭੁਪਿੰਦਰ ਸਿੰਘ ਬੈਂਸ)-ਈ-ਆਫਿਸ ਲਾਗੂ ਕਰਨ ਦੇ ਤਹਿਤ ਅੱਗੇ ਵਧਦੇ ਹੋਏ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਟੈਬਲੇਟ ਲਾਂਚ ਕੀਤੇ, ਜੋ ਕੌਂਸਲਰਾਂ ਅਤੇ ਅਧਿਕਾਰੀਆਂ ਨੂੰ ਡਿਲੀਵਰ ਕੀਤੇ ਜਾਣਗੇ | ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਸ਼ੁੱਕਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਨਗਰ ਨਿਗਮ ਨੂੰ ਡਿਲੀਵਰ ਕੀਤੇ ਗਏ ਕੁੱਝ ਟੈਬਲੇਟਾਂ ਦਾ ਨਿਰੀਖਣ ਕੀਤਾ | ਨਗਰ ਨਿਗਮ ਨੂੰ ਆਉਣ ਵਾਲੇ ਕੁੱਝ ਹਫ਼ਤਿਆਂ ਵਿਚ ਬਾਕੀ ਬਚੀਆਂ ਸਾਰੀਆਂ ਟੈਬਲੇਟਾਂ ਦੀ ਡਿਲੀਵਰੀ ਮਿਲਣ ਦੀ ਉਮੀਦ ਹੈ | ਫਿਰ ਇਨ੍ਹਾਂ ਨੂੰ ਕੌਂਸਲਰਾਂ ਅਤੇ ਅਧਿਕਾਰੀਆਂ ਵਿਚ ਵੰਡਿਆ ਜਾਵੇਗਾ ਜਿਸ ਤੋਂ ਬਾਅਦ ਜਨਰਲ ਹਾਊਸ ਅਤੇ ਐਫ. ਐਂਡ ਸੀ.ਸੀ. ਦੀਆਂ ਮੀਟਿੰਗਾਂ ਪੇਪਰਲੈਸ ਹੋ ਜਾਣਗੀਆਂ | ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੈਬਲੇਟ ਖ਼ਰੀਦਣ ਦੇ ਮਤੇ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਅਤੇ ਜਲਦੀ ਹੀ ਜਨਰਲ ਹਾਊਸ ਦੇ ਮੈਂਬਰਾਂ ਵਿਚ ਟੈਬਲੇਟ ਵੰਡੇ ਜਾਣਗੇ | ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਕਿਹਾ ਕਿ ਇਹ ਈ-ਆਫਿਸ ਲਾਗੂ ਕਰਨ ਵੱਲ ਇਕ ਵੱਡਾ ਕਦਮ ਹੈ ਅਤੇ ਇਸ ਨਾਲ ਨਗਰ ਨਿਗਮ ਦਫ਼ਤਰਾਂ ਵਿਚ ਪਾਰਦਰਸ਼ਤਾ ਅਤੇ ਕੁਸ਼ਲਤਾ ਹੋਰ ਵਧੇਗੀ | ਇਸ ਤੋਂ ਇਲਾਵਾ, ਇਹ ਸਮੇਂ ਅਤੇ ਕਾਗਜ਼ ਦੀ ਵੱਡੀ ਮਾਤਰਾ ਦੀ ਬੱਚਤ ਵੀ ਕਰੇਗਾ, ਜੋ ਨਗਰ ਨਿਗਮ ਦੇ ਜਨਰਲ ਹਾਊਸ ਅਤੇ ਐਫ. ਐਂਡ ਸੀ.ਸੀ. ਮੀਟਿੰਗਾਂ ਵਿਚ ਵਰਤਿਆ ਜਾਂਦਾ ਹੈ |