ਲੁਧਿਆਣਾ, 30 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਛੇ ਲੜਕੀਆਂ ਦੇ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ | ਪੁਲਿਸ ਵਲੋਂ ਇਹਨਾਂ ਮਾਮਲਿਆਂ ਵਿਚ ਕੇਸ ਦਰਜ ਕਰ ਲਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਰਜੇਸ਼ਵਰੀ ਪਤਨੀ ਰਾਜੇਸ਼ ਵਾਸੀ ਜਮਾਲਪੁਰ ਦੀ ਸ਼ਿਕਾਇਤ 'ਤੇ ਕਰਨ ਵਾਸੀ ਉੱਤਰ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਲੜਕੀ ਉਸ ਦੇ ਜੇਠ ਦੀ ਲੜਕੀ ਅਤੇ ਉਨ੍ਹਾਂ ਦੀ ਸਹੇਲੀ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈ | ਉਸ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਲੜਕੀ ਉਕਤ ਦੋਵੇਂ ਲੜਕੀਆਂ ਨਾਲ ਘਰ ਗਈਆਂ, ਪਰ ਵਾਪਸ ਨਹੀਂ ਆਈਆਂ | ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਰਨ ਵਾਸੀ ਉੱਤਰ ਪ੍ਰਦੇਸ਼ ਵਰਗਲਾ ਕੇ ਲੈ ਗਿਆ ਹੈ, ਜਿਸ 'ਤੇ ਉਸ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਲਾਲਮਨ ਰਾਜਬਰ ਵਾਸੀ ਪੀਰੂ ਬੰਦਾ ਦੀ ਸ਼ਿਕਾਇਤ 'ਤੇ ਸੁਨੀਲ ਸਾਹਨੀ ਵਾਸੀ ਸਲੇਮ ਟਾਬਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ 'ਤੇ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਕਿਸ਼ੋਰ ਸਿੰਘ ਵਾਸੀ ਸਰਪੰਚ ਕਾਲੋਨੀ ਦੀ ਸ਼ਿਕਾਇਤ 'ਤੇ ਰਾਹੁਲ ਕੁਮਾਰ ਸ਼ਰਮਾ ਵਾਸੀ ਕੰਗਣਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਕਥਿਤ ਦੋਸ਼ੀ ਉੱਤੇ ਵੀ ਸ਼ਿਕਾਇਤਕਰਤਾ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ | ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਟਿਕਾਨ ਪਤਨੀ ਸੁਰੇਸ਼ ਵਾਸੀ ਰਾਜਗੁਰੂ ਨਗਰ ਦੀ ਸ਼ਿਕਾਇਤ 'ਤੇ ਅਣਪਛਾਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਹਾਲ ਦੀ ਘੜੀ ਇਹਨਾਂ ਮਾਮਲਿਆਂ ਵਿਚ ਲੜਕੀਆਂ ਦਾ ਕਿਧਰੇ ਪਤਾ ਨਹੀਂ ਲੱਗਾ ਸੀ |