ਲੁਧਿਆਣਾ, 30 ਮਈ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਪਸਾਰ ਮਾਹਿਰਾਂ ਲਈ 'ਨੌਕਰੀ ਅਤੇ ਨਿੱਜੀ ਜੀਵਨ ਵਿਚ ਸਹੀ ਖੁਰਾਕ ਅਤੇ ਤਣਾਅ-ਮੁਕਤ ਪ੍ਰਬੰਧਨ' ਵਿਸ਼ੇ 'ਤੇ ਇਕ ਦਿਨ ਦਾ ਸਿਖਲਾਈ ਕੋਰਸ ਕਰਵਾਇਆ ਗਿਆ | ਇਸ ਕੋਰਸ ਵਿਚ ਵੱਖ-ਵੱਖ ਜ਼ਿਲਿ੍ਹਆਂ ਦੇ ਕੁੱਲ 14 ਪਸਾਰ ਮਾਹਿਰਾਂ ਨੇ ਭਾਗ ਲਿਆ | ਡਾ. ਰੁਪਿੰਦਰ ਕੌਰ ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਧੁਨਿਕ ਯੁੱਗ ਵਿਚ ਪਸਾਰ ਮਾਹਿਰਾਂ ਨੂੰ ਸਿਹਤਮੰਦ ਜੀਵਨ ਲਈ ਖ਼ੁਰਾਕ ਅਤੇ ਤਣਾਅ ਪ੍ਰਬੰਧਨ ਦੇ ਗਿਆਨ ਨਾਲ ਅੱਪਡੇਟ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਵੱਧ ਤੋਂ ਵੱਧ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀ ਨਿੱਜੀ ਤੰਦਰੁਸਤੀ ਲਈ ਇਸ ਜਾਣਕਾਰੀ ਨੂੰ ਅਪਣਾਉਣ ਲਈ ਮਾਰਗਦਰਸ਼ਨ ਕਰ ਸਕਣ | ਇਸ ਕੋਰਸ ਦੇ ਕੋਆਰਡੀਨੇਟਰ ਸੀਨੀਅਰ ਪਸਾਰ ਵਿਗਿਆਨੀ ਡਾ. ਕੁਲਵੀਰ ਕੌਰ ਨੇ ਭੋਜਨ ਅਤੇ ਪੋਸ਼ਣ ਵਿਭਾਗ, ਡਾ. ਅਮਰਜੀਤ ਕੌਰ ਨੇ ਤਣਾਅ-ਮੁਕਤ ਰਹਿਣ ਵਿਚ ਖੁਰਾਕ ਅਤੇ ਪੋਸ਼ਣ ਦੀ ਭੂਮਿਕਾ, ਡਾ. ਰੇਨੂੰਕਾ ਅਗਰਵਾਲ ਨੇ ਟਿਕਾਊ ਸਿਹਤਮੰਦ ਭੋਜਨ ਵਿਕਲਪਾਂ ਅਤੇ ਜੀਵਨ ਸ਼ੈਲੀ ਦੀਆਂ ਆਦਤਾਂ ਅਤੇ ਡਾ. ਮੋਨਿਕਾ ਚੌਧਰੀ ਨੇ ਸਿਹਤ ਅਤੇ ਬਿਮਾਰੀ ਪ੍ਰਬੰਧਨ ਵਿਚ ਕਾਰਜਸ਼ੀਲ ਭੋਜਨ ਦੇ ਬਾਰੇ ਚਰਚਾ ਕੀਤੀ | ਇਸ ਤੋਂ ਇਲਾਵਾ ਮਨੁੱਖੀ ਵਿਕਾਸ ਅਤੇ ਪਰਿਵਾਰਿਕ ਅਧਿਐਨ ਵਿਭਾਗ ਦੇ ਡਾ. ਰਸ਼ਮੀ ਉਪਰੇਤੀ ਨੇ ਸਿੱਖਿਆਰਥੀਆਂ ਦੀ ਨਿੱਜੀ ਤੰਦਰੁਸਤੀ ਅਤੇ ਡਾ. ਰਿਤੂ ਮਾਹਲ ਨੇ ਕੰਮ ਵਾਲੀ ਥਾਂ 'ਤੇ ਮਾਨਸਿਕ ਸਿਹਤ ਵਧਾਉਣ ਬਾਰੇ ਦੱਸਿਆ | ਅੰਤ ਵਿਚ ਕੰਵਲਜੀਤ ਕੌਰ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ |