ਲੁਧਿਆਣਾ, 6 ਜੂਨ (ਅ.ਬ.)-ਕੈਂਸਰ ਸੈਂਟਰਜ਼ ਆਫ ਅਮਰੀਕਾ (331), ਲੁਧਿਆਣਾ ਵਲੋਂ ਸਨਿਚਰਵਾਰ ਨੂੰ ਰਾਸ਼ਟਰੀ ਕੈਂਸਰ ਸਰਵਾਈਵਰਜ਼ ਡੇ 2026 ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ 50 ਤੋਂ ਵੱਧ ਕੈਂਸਰ ਸਰਵਾਈਵਰਜ਼ ਨੇ ਸ਼ਮੂਲੀਅਤ ਕੀਤੀ ਅਤੇ ਆਸ, ਹੌਸਲੇ, ਦਿ੍ੜਤਾ ਅਤੇ ਨਵੀਂ ਸ਼ੁਰੂਆਤ ਦੇ ਸੰਦੇਸ਼ ਨੂੰ ਸਾਂਝਾ ਕੀਤਾ | ਇਹ ਸਮਾਗਮ ਉਨ੍ਹਾਂ ਯੋਧਿਆਂ ਨੂੰ ਸਮਰਪਿਤ ਸੀ ਜਿਨ੍ਹਾਂ ਨੇ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਡਟ ਕੇ ਸਾਹਮਣਾ ਕੀਤਾ ਅਤੇ ਉਸ 'ਤੇ ਜਿੱਤ ਹਾਸਿਲ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਨਵੀਂ ਊਰਜਾ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਾਇਆ | ਸਮਾਗਮ ਦੌਰਾਨ ਸਰਵਾਈਵਰਜ਼ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਆਪਣੇ ਸੰਘਰਸ਼ਮਈ ਪਰ ਪ੍ਰੇਰਣਾਦਾਇਕ ਸਫ਼ਰ ਨੂੰ ਯਾਦ ਕਰਦੇ ਹੋਏ ਖੁਸ਼ੀ ਅਤੇ ਕਿ੍ਤਜਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸੀਸੀਏ ਲੁਧਿਆਣਾ ਦੇ ਪ੍ਰਸਿੱਧ ਕੈਂਸਰ ਮਾਹਿਰ ਡਾ. ਅਮਿਤ ਕੇ. ਧੀਮਾਨ, ਡਾ. ਮਿਧਿਲਾ ਬੇਬੀ, ਡਾ. ਜਸਵਿੰਦਰ ਕੌਰ, ਡਾ. ਨਵੀਨ ਕਾਂਡਾ ਅਤੇ ਡਾ. ਰਵਿੰਦਰ ਕੇ. ਸਿੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਨੇ ਸਰਵਾਈਵਰਜ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅਦਮਯ ਹੌਸਲੇ, ਦਿ੍ੜ ਨਿਸ਼ਚੇ ਅਤੇ ਜੀਵਨ ਪ੍ਰਤੀ ਸਕਾਰਾਤਮਕ ਰਵੱਈਏ ਦੀ ਸ਼ਲਾਘਾ ਕੀਤੀ | ਸਮਾਗਮ ਦੌਰਾਨ ਅਰਥਪੂਰਨ ਵਿਚਾਰ-ਵਟਾਂਦਰਾ, ਤਜ਼ਰਬਿਆਂ ਦੀ ਸਾਂਝ ਅਤੇ ਸਰਵਾਈਵਰਜ਼ ਦੇ ਸਨਮਾਨ ਦੇ ਵਿਸ਼ੇਸ਼ ਪਲ ਵੇਖਣ ਨੂੰ ਮਿਲੇ | ਉਨ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਕੈਂਸਰ ਨਾਲ ਜੂਝ ਰਹੇ ਹੋਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਮੀਦ ਅਤੇ ਹੌਂਸਲੇ ਦਾ ਸਰੋਤ ਬਣੀਆਂ |