ਲੁਧਿਆਣਾ, 7 ਜੂਨ (ਪਰਮਿੰਦਰ ਸਿੰਘ ਆਹੂਜਾ)-ਜੀਐਸਟੀ ਦੀ ਚੋਰੀ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਕਾਰੋਬਾਰੀਆਂ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪਹਿਲੇ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਟੇਟ ਟੈਕਸ ਆਫਿਸਰ ਨੇ ਦੱਸਿਆ ਕਿ ਮੁਲਜ਼ਮ ਨੇ ਸੋਚੀ ਸਮਝੀ ਸਾਜਿਸ਼ ਤਹਿਤ ਜਾਅਲੀ ਦਸਤਾਵੇਜਾਂ ਨੂੰ ਅਸਲ ਤੌਰ 'ਤੇ ਵਰਤ ਕੇ ਅਤੇ ਜਾਅਲੀ ਇਲੈਕਟ੍ਰੋਨਿਕ ਦੇ ਰਿਕਾਰਡ ਦੀ ਵਰਤੋਂ ਕਰਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ | ਜਾਂਚ ਅਧਿਕਾਰੀ ਏ.ਐਸ.ਆਈ. ਰਣਜੀਤ ਸਿੰਘ ਨੇ ਖਾਲਸਾ ਇੰਟਰਪ੍ਰਾਈਜਜ਼ ਦੇ ਸੋਹਨਜੀਤ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ | ਦੂਜੇ ਮਾਮਲੇ ਵਿਚ ਵੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਟੇਟ ਟੈਕਸ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਐਮ.ਐਸ. ਗਣਪਤੀ ਪੈਕਰਜ਼ ਇੰਡਸਟਰੀ ਨੇ ਸਾਜਿਸ਼ ਤਹਿਤ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ | ਜਾਂਚ ਅਧਿਕਾਰੀ ਏ.ਐਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਐਮ.ਐਸ. ਗਣਪਤੀ ਪੈਕਰਜ਼ ਇੰਡਸਟਰੀ ਦੇ ਅਮਿਤ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ | ਤੀਜੇ ਮਾਮਲੇ ਵਿਚ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਟੇਟ ਟੈਕਸ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਮੈਸਰਜ ਬੈਨੀਪਾਲ ਇੰਡਸਟਰੀਜ਼ ਪ੍ਰਭਾਤ ਨਗਰ ਢੋਲੇਵਾਲ ਵਿਖੇ ਸਾਜਿਸ਼ ਤਹਿਤ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਜੀ.ਐਸ.ਟੀ ਨੰਬਰ ਹਾਸਿਲ ਕਰਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ | ਜਾਂਚ ਅਧਿਕਾਰੀ ਏ.ਐਸ.ਆਈ. ਹਰਭਜਨ ਸਿੰਘ ਨੇ ਦੱਸਿਆ ਕਿ ਬੈਨੀਪਾਲ ਇੰਡਸਟਰੀਜ਼ ਖਿਲਾਫ਼ ਕੇਸ ਦਰਜ ਕਰ ਲਿਆ ਹੈ | ਤੀਜੇ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਸਪ੍ਰੀਤ ਸਿੰਘ ਮਾਨ ਸਟੇਟ ਟੈਕਸ ਆਫਿਸਰ ਨੇ ਦੱਸਿਆ ਕਿ ਮੁਲਜ਼ਮ ਵਲੋਂ ਇਕ ਜੀ.ਐਸ.ਟੀ ਨੰਬਰ ਫੈਕਟਰੀ ਗੁਰਮੇਲ ਪਾਰਕ ਟਿੱਬਾ ਰੋਡ ਵਿਖੇ ਘੋਸ਼ਿਤ ਕੀਤਾ ਗਿਆ ਸੀ | ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਜੀ.ਐਸ.ਟੀ ਰਜਿਸਟ੍ਰੇਸ਼ਨ ਅਥਾਰਟੀ ਦੇ ਸਾਹਮਣੇ ਭੌਤਿਕ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਤੇ ਮਨਘੜਤ ਢੰਗ ਨਾਲ ਪ੍ਰਾਪਤ ਕੀਤਾ ਗਿਆ ਹੈ | ਜਾਂਚ ਅਧਿਕਾਰੀ ਏ. ਐਸ. ਆਈ. ਕਮਲਜੀਤ ਸਿੰਘ ਨੇ ਕਿ੍ਸ਼ਨਾ ਟਰੇਡਰ ਦੇ ਕਿ੍ਸ਼ਨ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਦਰੇਸੀ ਦੀ ਪੁਲਿਸ ਨੇ ਇੱਕ ਹੋਰ ਅਜਿਹੇ ਮਾਮਲੇ ਵਿੱਚ ਕਾਰੋਬਾਰੀ ਅਲਫਾ ਟਰੇਡਿੰਗ ਦੇ ਮਾਲਕ ਰਮਨਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਜੀਐਸਟੀ ਅਧਿਕਾਰੀ ਬਲਕਾਰ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਪੁਲਿਸ ਵਲੋਂ ਅਧਿਕਾਰੀ ਵਿਕਰਮਜੀਤ ਸਿੰਘ ਬਾਜਵਾ ਦੀ ਸ਼ਿਕਾਇਤ 'ਤੇ ਸੀ ਕੇ ਇੰਡਸਟਰੀ ਦੇ ਮਾਲਕਾਂ ਖਿਲਾਫ ਵੀ ਇੱਕ ਅਜਿਹੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ | ਥਾਣਾ ਡਾਬਾ ਦੀ ਪੁਲਿਸ ਨੇ ਸੇਲ ਟੈਕਸ ਅਧਿਕਾਰੀ ਅਰੁਣ ਕੁਮਾਰ ਜੈਨ ਦੀ ਸ਼ਿਕਾਇਤ 'ਤੇ ਪੂਜਾ ਇੰਟਰਪ੍ਰਾਈਜਜ਼ ਤੇ ਮਾਲਕਾਂ ਖਿਲਾਫ ਵੀ ਕੇਸ ਦਰਜ ਕੀਤਾ ਹੈ | ਥਾਣਾ ਡਾਬਾ ਦੀ ਪੁਲਿਸ ਨੇ ਸ਼੍ਰੀ ਰਾਧੇ ਟਰੇਡਿੰਗ ਕੰਪਨੀ ਅਤੇ ਸੀਤਾ ਰਾਮ ਇੰਟਰਪ੍ਰਾਈਜਜ਼ ਦੇ ਮਾਲਕਾਂ ਖਿਲਾਫ ਵੀ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਨ੍ਹਾਂ ਸਾਰਿਆਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ |