ਲੁਧਿਆਣਾ, 7 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੀਤ ਨਗਰ ਵਿਚ ਪੇਪਰਾਂ ਵਿਚੋਂ ਨੰਬਰ ਘੱਟ ਆਉਣ 'ਤੇ ਲੜਕੀ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਲੜਕੀ ਦੀ ਸ਼ਨਾਖਤ ਕਾਜਲ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 20 ਸਾਲ ਦੇ ਕਰੀਬ ਸੀ | ਮਿ੍ਤਕ ਲੜਕੀ ਆਪਣੀ ਨਾਨੀ ਪਾਸ ਰਹਿ ਰਹੀ ਸੀ | ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਕਾਜਲ ਨੇ 12ਵੀਂ ਕਲਾਸ ਦੇ ਪੇਪਰ ਦਿੱਤੇ ਸਨ ਅਤੇ ਬੀਤੇ ਦਿਨ ਆਏ ਨਤੀਜਿਆਂ ਵਿਚ ਉਸ ਦੇ ਨੰਬਰ ਕੁੱਝ ਘੱਟ ਆਏ ਸਨ, ਜਿਸ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਚਲੀ ਆ ਰਹੀ ਸੀ | ਉਨ੍ਹਾਂ ਦੱਸਿਆ ਕਿ ਇਸ ਪਰੇਸ਼ਾਨੀ ਦੇ ਚੱਲਦੇ ਹੀ ਉਸ ਨੇ ਘਰ ਵਿਚ ਹੀ ਪੱਖੇ ਨਾਲ ਚੁੰਨੀ ਬਣ ਕੇ ਫਾਹਾ ਲਗਾ ਲਿਆ, ਜਦੋਂ ਪਰਿਵਾਰਕ ਮੈਂਬਰ ਕਮਰੇ ਵਿਚ ਗਏ ਤਾਂ ਕਾਜਲ ਦੀ ਲਾਸ਼ ਉੱਥੇ ਲਟਕ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਹਾਲ ਦੀ ਘੜੀ ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਉਣਗੇ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |