ਲੁਧਿਆਣਾ, 11 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਬੀ. ਦਫ਼ਤਰ ਵਿਖੇ ਕੌਂਸਲਰ ਚਤਰਵੀਰ ਸਿੰਘ, ਕਮਲ ਅਰੋੜਾ ਵਲੋਂ ਐਸ.ਈ. ਪ੍ਰਵੀਨ ਸਿੰਗਲਾ ਨੰੂ ਕਥਿਤ ਤੌਰ 'ਤੇ ਥੱਪੜ ਮਾਰੇ ਜਾਣ ਦੇ ਮਾਮਲੇ ਨੇ ਹੋਰ ਭਖਣਾ ਸ਼ੁਰੂ ਕਰ ਦਿੱਤਾ ਹੈ | ਇਸ ਵਿਵਾਦ ਦੇ ਦਰਮਿਆਨ ਐਸ.ਈ. ਪ੍ਰਵੀਨ ਸਿੰਗਲਾ ਵਲੋਂ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨਾਲ ਮੁਲਾਕਾਤ ਕੀਤੇ ਜਾਣ ਦੀ ਚਰਚਾ ਹੈ, ਜਿਸ ਤੋਂ ਬਾਅਦ ਮਾਮਲੇ ਨੰੂ ਲੈਕੇ ਅਟਕਲਾਂ ਦਾ ਦੌਰ ਤੇਜ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਾਪਰੀ ਇਸ ਘਟਨਾ ਤੋ ਬਾਅਦ ਪ੍ਰਸ਼ਾਸਨਿਕ ਹਲਕਿਆਂ ਵਿਚ ਕਾਫ਼ੀ ਹਲਚਲ ਮਚੀ ਹੋਈ ਹੈ | ਕੌਂਸਲਰ ਚਤਰਵੀਰ ਸਿੰਘ, ਕਮਲ ਅਰੋੜਾ ਵਲੋਂ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਜਨਤਕ ਕੀਤਾ ਜਾ ਚੁੱਕਾ ਹੈ | ਜਦਕਿ ਐਸ.ਈ ਪ੍ਰਵੀਨ ਸਿੰਗਲਾ ਵਲੋਂ ਹੁਣ ਤਕ ਇਸ ਮਾਮਲੇ ਨੰੂ 'ਤੇ ਖੁੱਲ੍ਹੇ ਕੇ ਕੋਈ ਬਿਆਨ ਨਹੀਂ ਦਿੱਤਾ ਗਿਆ | ਸੂਤਰਾਂ ਮੁਤਾਬਿਕ ਐਸ.ਈ. ਪ੍ਰਵੀਨ ਸਿੰਗਲਾ ਨੇ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ, ਪਰ ਇਸ ਗੱਲ ਨੰੂ ਲੈਕੇ ਸਸਪੈਂਸ ਬਣਿਆ ਹੋਇਆ ਹੈ ਕਿ ਉਨ੍ਹਾਂ ਵਲੋਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਾਂ ਨਹੀਂ | ਇਸ ਸਬੰਧੀ ਨਿਗਮ ਪ੍ਰਸ਼ਾਸਨ ਵਲੋਂ ਵੀ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ | ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਇਸ ਮਾਮਲੇ ਨੰੂ ਲੈਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ | ਹਰ ਕੋਈ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਆਖ਼ਰ ਐਸ.ਈ. ਪ੍ਰਵੀਨ ਸਿੰਗਲਾ ਅਗਲਾ ਕਦਮ ਕੀ ਚੁੱਕਦੇ ਹਨ ਅਤੇ ਨਿਗਮ ਪ੍ਰਸ਼ਾਸਨ ਇਸ ਮਾਮਲੇ ਵਿਚ ਕੀ ਰੱਖ ਅਪਣਾਉਂਦਾ ਹੈ | ਫ਼ਿਲਹਾਲ ਥੱਪੜ ਕਾਂਡ ਨੰੂ ਲੈਕੇ ਸਸਪੈਂਸ ਅਤੇ ਚਰਚਾਵਾਂ ਜਾਰੀ ਹਨ, ਜਦਕਿ ਸਭ ਦੀਆਂ ਨਜ਼ਰਾਂ ਨਗਰ ਨਿਗਮ ਕਮਿਸ਼ਨਰ ਦੇ ਅਗਲੇ ਫ਼ੈਸਲੇ ਤੇ ਟਿਕੀਆਂ ਹੋਈਆਂ ਹਨ |