ਲੁਧਿਆਣਾ, 11 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਵਿਕਾਸ ਕਾਰਜਾਂ ਨੰੂ ਤੇਜ਼ ਕਰਨ ਅਤੇ ਬਰਸਾਤੀ ਮੌਸਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਵੀਰਵਾਰ ਨੰੂ ਸਰਾਭਾ ਨਗਰ ਸਥਿਤ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਸੀਵਰੇਜ ਅਤੇ ਪਾਣੀ ਦੀਆਂ ਪਾਈਪ ਲਾਈਨਾਂ ਵਿਛਾਉਣ, ਸੜਕਾਂ ਦੀ ਮੁੜ ਉਸਾਰੀ ਅਤੇ ਹੋਰ ਚੱਲ ਰਹੇ ਵਿਕਾਸ ਕਾਰਜਾਂ ਨੰੂ ਤੇਜ਼ੀ ਨਾਲ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ | ਇਸਦੇ ਨਾਲ ਹੀ ਟਿਊਬਵੈੱਲਾਂ ਦੇ ਸੁਚਾਰੂ ਸੰਚਾਲਨ ਨੰੂ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੰੂ ਹਦਾਇਤਾਂ ਜਾਰੀ ਕੀਤੀਆਂ ਗਈਆਂ ਤਾਂ ਜੋ ਲੋਕਾਂ ਨੰੂ ਪੀਣ ਵਾਲੇ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ | ਵਿਧਾਇਕ ਬੱਗਾ ਅਤੇ ਨਿਗਮ ਕਮਿਸ਼ਨਰ ਨੇ ਬੀ. ਐਂਡ ਆਰ. ਸ਼ਾਖਾ ਅਤੇ ਓ. ਐਂਡ ਐਮ. ਸੈੱਲ ਦੇ ਅਧਿਕਾਰੀਆਂ ਨੰੂ ਆਪਸੀ ਤਾਲਮੇਲ ਨਾਲ ਕੰਮ ਕਰਨ ਲਿਆ ਕਿਹਾ ਤਾਂ ਜੋ ਵਿਕਾਸ ਪੋ੍ਰਜੈਕਟਾਂ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋਵੇ | ਉਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਸੁਚਾਰੂ ਸੰਚਾਲਨ ਨੰੂ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਡਾ. ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਸ਼ਹਿਰ ਭਰ ਵਿਚ ਸੀਵਰੇਜ ਲਾਈਨਾਂ ਦੀ ਸਫ਼ਾਈ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕੰਮ ਨੰੂ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੰੂ ਹਦਾਇਤਾਂ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਬੁੱਢਾ ਦਰਿਆ ਦੀ ਡੀ-ਸਿਲਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ | ਜਿਸ ਨੰੂ ਮਾਨਸੂਨ ਤੋਂ ਪਹਿਲਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਵਿਧਾਇਕ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰ ਦੇ ਟਿਕਾਊ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕੰਮ ਦੀ ਗੁਣਵੱਤਾ ਜਾ ਰਫ਼ਤਾਰ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ, ਜੁਆਇੰਟ ਕਮਿਸ਼ਨਰ ਤਪਨ ਭਨੋਟ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਐਸ.ਈ. ਇਕਜੋਤ ਸਿੰਘ, ਐਸ.ਈ. ਰਣਜੀਤ ਸਿੰਘ, ਐਮ.ਟੀ.ਪੀ. ਵਿਜੇ ਕੁਮਾਰ ਸਮੇਤ ਵੱਖ ਵੱਖ ਸ਼ਾਖਾਵਾਂ ਦੇ ਅਧਿਕਾਰੀ ਮੌਜੂਦ ਸਨ |