ਲੁਧਿਆਣਾ, 11 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਵੱਖ-ਵੱਖ ਵਾਰਡਾਂ ਵਿਚ ਪਿਛਲੇ 3 ਦਿਨਾਂ ਤੋਂ ਸਟਰੀਟ ਲਾਈਟਾਂ ਬੰਦ ਪਈਆਂ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਨਗਰ ਨਿਗਮ ਕਮਿਸ਼ਨਰ ਨੰੂ ਪੱਤਰ ਲਿੱਖ ਕੇ ਤੁਰੰਤ ਹੱਲ ਦੀ ਮੰਗ ਕੀਤੀ ਹੈ | ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਨਗਰ ਨਿਗਮ ਦੀ ਲਾਈਟ ਬ੍ਰਾਂਚ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਜਾਣਕਾਰੀ ਦਿੱਤੀ ਕਿ ਸਟਰੀਟ ਲਾਈਟਾਂ ਅਤੇ ਪਾਣੀ ਦੇ ਟਿਊਬਵੈੱਲਾਂ 'ਤੇ ਬਿਜਲੀ ਵਿਭਾਗ ਵਲੋਂ ਸਮਾਰਟ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ | ਇਨ੍ਹਾਂ ਮੀਟਰਾਂ ਨੰੂ ਰੀਚਾਰਜ ਕਰਨ ਤੋਂ ਬਾਅਦ ਹੀ ਸਟਰੀਟ ਲਾਈਟਾਂ ਅਤੇ ਟਿਊਬਵੈੱਲ ਚਾਲੂ ਹੋ ਸਕਣਗੇ | ਰਾਕੇਸ਼ ਪਰਾਸ਼ਰ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਹਨੇਰੇ ਕਾਰਨ ਕੋਈ ਚੋਰੀ, ਲੁੱਟ ਖੋਹ ਜਾਂ ਹੋਰ ਅਪਰਾਧਿਕ ਵਾਰਦਾਤ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ | ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੰੂ ਮੁੱਖ ਰੱਖਦਿਆਂ ਬੰਦ ਪਈਆਂ ਸਟਰੀਟ ਲਾਈਟਾਂ ਨੰੂ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ |