ਲੁਧਿਆਣਾ, 13 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਲੋਂ ਕਰਵਾਏ ਤਿੰਨ ਦਿਨਾਂ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਅੰਤਲੇ ਦਿਨ ਸੰਗੀਤ ਪ੍ਰੇਮੀਆਂ ਨੇ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰ: ਯੋਗੇਸ਼ ਸਮਸ਼ੀ ਵਲੋਂ ਤਬਲਾ ਵਾਦਨ ਕਰਦਿਆਂ ਉਨ੍ਹਾਂ ਵਲੋਂ ਸੋਲ੍ਹੋ ਪੇਸ਼ਕਾਰੀ ਵਿਚਲੇ ਗੁਣਾਂ ਅਤੇ ਉਂਗਲਾਂ ਦੇ ਪੋਟਿਆਂ ਵਿਚਲੀ ਹਰਕਤ ਦੇ ਸੁਮੇਲ ਨੂੰ ਸੁਣਦਿਆਂ-ਵੇਖਦਿਆਂ ਅਨੰਦ ਲਿਆ | ਉਨ੍ਹਾਂ ਨਾਲ ਨਗਮਾ ਪੇਸ਼ਕਾਰੀ ਭਾਈ ਭਗਤਾ ਸਿੰਘ ਨਾਮਧਾਰੀ ਨੇ ਕੀਤੀ | ਪੰ: ਯੋਗੇਸ਼ ਸ਼ਮਸ਼ੀ ਨੇ ਕਾਰਜਸ਼ਾਲਾ 'ਚ ਜੁੜੇ ਸੰਗੀਤ ਪ੍ਰੇਮੀਆਂ ਨੂੰ ਤਬਲਾ ਵਾਦਨ ਦੀਆਂ ਗੁੱਝੀਆਂ ਰਮਜ਼ਾਂ ਸਮਝਾਉਂਦਿਆਂ, ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਝਗੜੇ-ਝਾਂਜੇ ਤੇ ਕਲ੍ਹਾ-ਕਲੇਸ਼ ਵਾਲੇ ਸੰਸਾਰ 'ਚ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦੇ ਆਤਮ-ਬੋਲਾਂ ਦੇ ਸੰਗੀਤਕ ਬਲ ਗੁਰਮਤਿ ਸੰਗੀਤ ਦੁਆਰਾ ਪੱਥਰ ਹਿਰਦਿਆਂ ਨੂੰ ਵੀ ਰੱਬੀ ਨਾਮ ਦੇ ਰੰਗ ਰੂਪੀ ਸ਼ਾਂਤੀ ਵਿਚ ਰੰਗਿਆ ਜਾ ਸਕਦਾ ਹੈ | ਅੱਜ ਦੀ ਸੰਗੀਤ ਕਾਰਜਸ਼ਾਲਾ 'ਚ ਭਾਈ ਗੁਰਮੀਤ ਸਿੰਘ ਸ਼ਾਂਤ, ਪ੍ਰੋ: ਇਕਬਾਲ ਸਿੰਘ ਜਮਾਲਪੁਰੀ, ਉਸਤਾਦ ਬਲਵੀਰ ਸਿੰਘ ਮੋਗਾ, ਪ੍ਰੋ: ਰਾਜਬਰਿੰਦਰ ਸਿੰਘ ਬਠਿੰਡਾ, ਪ੍ਰੋ: ਚਰਨਜੀਤ ਕੌਰ ਆਦਿ ਸੰਗੀਤ ਦੇ ਵਿਦਵਾਨ ਉਸਤਾਦਾਂ ਨੇ ਸੰਗੀਤ ਪ੍ਰੇਮੀਆਂ ਸਨਮੁੱਖ ਗੁਰਮਤਿ ਸੰਗੀਤ ਦੀ ਪੇਸ਼ਕਾਰੀ ਕਰਦਿਆਂ ਗੁਰਮਤਿ ਸੰਗੀਤ ਤੋਂ ਜਾਣੂ ਕਰਵਾਇਆ | ਉਸਤਾਦ ਪੰ: ਰਮਾਂਕਾਂਤ, ਉਸਤਾਦ ਸੁਖਵਿੰਦਰ ਸਿੰਘ ਬੁਢਲਾਡਾ, ਅਜੇਪਾਲ ਸਿੰਘ ਆਦਿ ਨੇ ਵੀ ਸੁਣ ਅਨਿਕਬਾਰ ਸਿੰਘ ਆਦਿ ਨੇ ਤਬਲਾ ਵਾਦਨ ਦੀ ਲੈਅਕਾਰੀ, ਬੰਦਸ਼ਾਂ, ਤਾਲ ਬੋਲਾਂ ਆਦਿ ਦੇ ਪੱਖਾਂ ਨੂੰ ਉਦਾਹਰਣ ਦਿੰਦਿਆਂ ਸਮਝਾਇਆ | ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਵਿਦਵਾਨ ਸੰਗੀਤ ਉਸਤਾਦ ਸਾਹਿਬਾਨਾਂ, ਸੰਗੀਤ ਕਾਰਜਸ਼ਾਲਾ 'ਚ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਗੁਰੂ ਘਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ |