ਲੁਧਿਆਣਾ, 13 ਜੂਨ (ਭੁਪਿੰਦਰ ਸਿੰਘ ਬੈਂਸ)-ਨੌਜਵਾਨੀ ਨੰੂ ਆਪਣੇ ਅਮੀਰ ਵਿਰਸੇ ਅਤੇ ਸਿੱਖੀ ਰੂਪ ਨਾਲ ਜੋੜਨ ਦੇ ਮਕਸਦ ਨਾਲ ਸੰਤ ਸਿਪਾਹੀ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ, ਜਨਤਾ ਨਗਰ ਵਿਖੇ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ ਇਲਾਕੇ ਦੇ ਵੱਡੀ ਗਿਣਤੀ 'ਚ ਬੱਚਿਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਦਸਤਾਰ ਸਜਾਉਣ ਦੇ ਗੁਰ ਸਿੱਖੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਕੈਂਪ ਦਾ ਨਿਰੀਖਣ ਕਰਦਿਆਂ ਦਸਤਾਰ ਸਜਾਉਣ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਮੌਕੇ ਬੈਂਸ ਨੇ ਕਿਹਾ ਕਿ ਦਸਤਾਰ ਸਾਡਾ ਮਾਣ ਅਤੇ ਸਾਡੀ ਪਛਾਣ ਹੈ | ਅੱਜ ਦੇ ਪੱਛਮੀਕਰਨ ਦੇ ਦੌਰ ਵਿਚ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਅਜਿਹੇ ਕੈਂਪ ਬਹੁਤ ਜ਼ਰੂਰੀ ਹਨ | ਸੁਸਾਇਟੀ ਦੇ ਮੁਖੀ ਨਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਧਰਮ-ਸਭਿਆਚਾਰ ਨਾਲ ਜੋੜਨ ਲਈ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ | ਇਸ ਮੌਕੇ ਕਰਵਾਏ ਦਸਤਾਰ ਮੁਕਾਬਲਿਆਂ ਵਿਚ ਦਲਜੀਤ ਸਿੰਘ ਨੇ ਪਹਿਲਾ, ਜਸਰਾਜ ਨੇ ਦੂਜਾ ਅਤੇ ਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਜੇਤੂਆਂ ਨੰੂ ਸਿਮਰਜੀਤ ਸਿੰਘ ਬੈਂਸ ਅਤੇ ਸੁਸਾਇਟੀ ਮੁਖੀ ਨਰਿੰਦਰ ਸਿੰਘ ਵਲੋਂ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭੁਪਿੰਦਰ ਸਿੰਘ, ਪ੍ਰਭਕੀਰਤ ਸਿੰਘ, ਬਲਜੀਤ ਸਿੰਘ, ਚੰਨਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਸਾਬਕਾ ਕੌਂਸਲਰ ਬਿੱਟੂ ਘਟੋੜੇ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |