ਲੁਧਿਆਣਾ, 13 ਜੂਨ (ਭੁਪਿੰਦਰ ਸਿੰਘ ਬੈਂਸ)-ਬਹੁਜਨ ਸਮਾਜ ਪਾਰਟੀ ਨੇ ਪੰਜਾਬ ਵਿਚ ਅਪ੍ਰੈਂਟਿਸ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ, ਦਲਿਤ ਨੌਜਵਾਨਾਂ 'ਤੇ ਹੋ ਰਹੇ ਤਸ਼ੱਦਦ ਅਤੇ ਵਿਗੜਦੀ ਕਾਨੂੰਨ ਵਿਵਸਥਾ ਨੰੂ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਤਿੱਖਾ ਰੋਸ ਜਤਾਇਆ | ਇਸ ਸਬੰਧੀ ਸ਼ੁੱਕਰਵਾਰ ਨੰੂ ਪੰਜਾਬ ਭਰ ਵਿਚ ਬਸਪਾ ਵਲੋਂ ਗਵਰਨਰ ਦੇ ਨਾਂਅ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਸੌਂਪੇ ਗਏ | ਸ਼ਹਿਰ ਵਿਚ ਮੰਗ ਪੱਤਰ ਸੂਬਾ ਸਕੱਤਰ ਭਾਗ ਸਿੰਘ ਸਰੀਂਹ, ਦਿਹਾਤੀ ਇੰਚਾਰਜ ਪ੍ਰਗਣ ਬਿਲਗਾ ਅਤੇ ਸ਼ਹਿਰੀ ਇੰਚਾਰਜ ਜੀਤ ਰਾਮ ਬਸਰਾ ਦੀ ਅਗਵਾਈ ਹੇਠ ਡੀ.ਸੀ. ਰਾਹੀਂ ਪੰਜਾਬ ਦੇ ਗਵਰਨਕਰ ਨੰੂ ਸੌਂਪਿਆ ਗਿਆ | ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਪਟਿਆਲਾ ਵਿਚ ਰੁਜ਼ਗਾਰ ਦੀ ਮੰਗ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ ਤੇ ਪੁਲਿਸ ਤਸ਼ੱਦਦ ਦੇ ਮਾਮਲੇ ਨੰੂ ਗੰਭੀਰਤਾ ਨਾਲ ਚੁੱਕਿਆ ਗਿਆ ਹੈ | ਇਸ ਦੇ ਨਾਲ ਹੀ ਮਲੋਟ ਦੇ ਪਿੰਡ ਝੋਰੜ ਵਿਚ ਦਲਿਤ ਨੌਜਵਾਨਾਂ ਤੇ ਕਥਿਤ ਤਾਲਿਬਾਨੀ ਜੁਰਮ, ਤਰਨਤਾਰਨ ਤੇ ਪਿੰਡ ਵੇਈਪੋਲੀ ਵਿਚ ਦਲਿਤ ਪਰਿਵਾਰਾਂ ਦੀ ਕੁੱਟਮਾਰ ਅਤੇ ਘਰਾਂ ਨੰੂ ਅੱਗ ਲਗਾਉਣ, ਡਾ. ਰਮਨਦੀਪ ਸਿੰਘ ਦੀ ਲੁੱਟ ਤੇ ਕੁੱਟਮਾਰ, ਐਮਡੀ ਦੇ ਵਿਦਿਆਰਥੀ ਡਾ. ਯੋਗੇਸ਼ ਦੀ ਖੁਦਕੁਸ਼ੀ ਅਤੇ ਬੀਟੈਕ ਵਿਦਿਆਰਥੀ ਵਰੁਣਪ੍ਰੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਵਰਗੇ ਮਾਮਲਿਆਂ ਨੂੰ ਵੀ ਮੰਗ ਪੱਤਰ ਵਿਚ ਸ਼ਾਮਿਲ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਸੂਬੇ ਦੀ ਵਿਗੜਦੀ ਹਾਲਤ ਨੰੂ ਲੋਕਾਂ ਸਾਹਮਣੇ ਲਿਆ ਰਹੀ ਹੈ ਅਤੇ ਅੱਜ ਦੇ ਮੰਗ ਪੱਤਰ ਰਾਹੀਂ ਗਵਰਨਰ ਕੋਲ ਸਥਿਤੀ ਸੁਧਾਰਨ ਲਈ ਦਖਲ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਨਿਰਮਲ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ, ਬਿੱਟੂ ਸ਼ੇਰਪੁਰ, ਵੀਰ ਸਿੰਘ, ਇੰਦਰੇਸ਼ ਕੁਮਾਰ ਆਦਿ ਮੌਜੂਦ ਸਨ |