ਲੁਧਿਆਣਾ, 18 ਜੂਨ (ਭੁਪਿੰਦਰ ਸਿੰਘ ਬੈਂਸ)-ਮਿਸ਼ਨ ਕਲੀਨ ਪੰਜਾਬ ਤਹਿਤ ਸ਼ਹਿਰ ਵਿਚ ਸਫ਼ਾਈ ਅਤੇ ਮਾਨਸੂਨ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ �ਜਸਵੀ ਅਲੰਕਾਰ ਵੀਰਵਾਰ ਨੂੰ ਫੋਕਲ ਪੁਆਇੰਟ ਖੇਤਰ ਵਿਚ ਜਾ ਕੇ ਖੁਦ ਮੌਕੇ ‘ਤੇ ਪੁੱਜੇ। ਉਨ੍ਹਾਂ ਉਦਯੋਗਪਤੀਆਂ ਨਾਲ ਮਿਲ ਕੇ ਉਦਯੋਗਿਕ ਮਿਲ ਕੇ ਉਦਯੋਗਿਕ ਖੇਤਰ ਵਿਚ ਆ ਰਹੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਅਤੇ ਮੌਕੇ ‘ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ। ਕਮਿਸ਼ਨਰ ਵਲੋਂ ਫੇਸ 4, ਫ਼ੇਜ਼ 4 ਏ, ਫ਼ੇਜ਼ 5 ਅਤੇ ਫ਼ੇਜ਼ 6 ਸਮੇਤ ਕਈ ਖੇਤਰਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸੀ.ਆਈ.ਆਈ. ਦੇ ਪ੍ਰਤੀਨਿਧੀ ਰਜਨੀਸ਼ ਆਹੂਜਾ, ਰਾਹੁਲ ਆਹੂਜਾ ਅਤੇ ਗੌਤਮ ਢੱਲ ਨਾਲ ਹੀ ਸੀਸੂ ਦੇ ਉਪਕਾਰ ਸਿੰਘ ਆਹੂਜਾ ਸਮੇਤ ਕਈ ਉਦਯੋਗਪਤੀ ਮੌਜੂਦ ਸਨ। ਨਿਰੀਖਣ ਦੌਰਾਨ ਅਲੰਕਾਰ ਨੇ ਖੁੱਲ੍ਹੇ ਵਿਚ ਕੂੜਾ ਸੁੱਟਣ, ਗੈਰ ਕਾਨੂੰਨੀ ਕਬਜ਼ੇ ਹਟਾਉਣ, ਪਾਰਕਾਂ ਦੀ ਸੰਭਾਲ ਅਤੇ ਸੀਵਰੇਜ ਲਾਈਨਾਂ ਦੀ ਸਫ਼ਾਈ ਨੂੰ ਲੈਕੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਕਈ ਥਾਵਾਂ ਦੀਆਂ ਖੁਦ ਤਸਵੀਰਾਂ ਖਿੱਚ ਕੇ ਸਟਾਫ਼ ਨੂੰ ਜ਼ਰੂਰੀ ਕਾਰਵਾਈ ਕਰਨ ਲਿਆ ਕਿਹਾ। ਨਿਰੀਖਣ ਦੌਰਾਨ ਇਕ ਨਿੱਜੀ ਵਾਹਨ ਚਾਲਕ ਨੇ ਖੁੱਲ੍ਹੇ ਸਥਾਨ ‘ਤੇ ਕੂੜਾ ਸੁੱਟਦੇ ਮੌਕੇ ‘ਤੇ ਕਾਬੂ ਕੀਤਾ ਗਿਆ। ਇਸ ‘ਤੇ ਕਮਿਸ਼ਨਰ ਨੇ ਤੁਰੰਤ ਚਾਲਾਨ ਕੱਟਣ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਫੋਕਲ ਪੁਆਇੰਟ ਦੀ ਕੁੱਝ ਗ੍ਰੀਨ ਬੈਲਟਾਂ, ਜਿਨ੍ਹਾਂ ਵਿਚ ਇਸਟਮੈਨ ਇੰਡਸਟਰੀਜ ਵਲੋਂ ਸੰਭਾਲਿਆ ਜਾ ਰਿਹਾ ਖੇਤਰ ਵੀ ਸ਼ਾਮਿਲ ਹੈ, ਦਾ ਜਾਇਜ਼ਾ ਲੈਂਦਿਆਂ ਕਮਿਸ਼ਨਰ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲ਼ੇ ਦੁਆਲੇ ਦੇ ਪਾਰਕ ਅਤੇ ਗ੍ਰੀਨ ਬੈਲਟਾਂ ਗੋਦ ਲੈਕੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਹਰਾ ਬਣਾਉਣ ਵਿਚ ਯੋਗਦਾਨ ਪਾਉਣ।