ਲੁਧਿਆਣਾ, 20 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗ ਰਹੀਆਂ ਨਾਜਾਇਜ਼ ਰੇਹੜੀਆਂ, ਫੜੀਆਂ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਇਸ ਗੰਭੀਰ ਮਸਲੇ ਨੂੰ ਨਗਰ ਨਿਗਮ ਕਮਿਸ਼ਨਰ �ਜਸਵੀ ਅਲੰਕਾਰ ਦੇ ਸਾਹਮਣੇ ਜ਼ੋਰਦਾਰ ਢੰਗ ਨਾਲ ਚੁੱਕਿਆ ਅਤੇ ਇਸ ਸਬੰਧੀ ਮੌਕੇ ‘ਤੇ ਨਿਰੀਖਣ ਵੀ ਕਰਵਾਇਆ। ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੋਸ਼ ਲਗਾਇਆ ਕਿ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਹਿਰ ਵਿਚ ਕੁੱਝ ਥਾਵਾਂ ‘ਤੇ ਨਾਜਾਇਜ਼ ਰੇਹੜੀਆਂ-ਫੜੀਆਂ ਬਿਨਾ ਕਿਸੀ ਰੋਕ ਟੋਕ ਤੋਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਹੜੀਆਂ, ਫੜੀਆਂ ਤੋਂ ਕਥਿਤ ਤੌਰ ‘ਤੇ ਮਹੀਨਾ ਵਸੂਲਿਆ ਜਾ ਰਿਹਾ ਹੈ, ਜਿਸ ਕਾਰਨ ਨਗਰ ਨਿਗਮ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਰਾਕੇਸ਼ ਪਰਾਸ਼ਰ ਨੇ ਨਿਗਮ ਕਮਿਸ਼ਨਰ ਨੂੰ ਦੱਸਿਆ ਕਿ ਇਹ ਨਾਜਾਇਜ਼ ਕਬਜ਼ੇ ਨਾ ਸਿਰਫ਼ ਟ੍ਰੈਫਿਕ ਸਮੱਸਿਆ ਪੈਦਾ ਕਰ ਰਹੇ ਹਨ, ਸਗੋਂ ਪੈਦਲ ਚੱਲਣ ਵਾਲੇ ਲੋਕਾਂ ਅਤੇ ਸਥਾਨਕ ਦੁਕਾਨਦਾਰਾਂ ਲਈ ਵੀ ਮੁਸ਼ਕਿਲਾਂ ਖੜੀਆਂ ਕਰ ਰਹੇ ਹਨ। ਉਨ੍ਹਾਂ ਸ਼ਹਿਰ ਦੇ ਕਈ ਇਲਾਕਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੜਕਾਂ ਅਤੇ ਜਨਤਕ ਥਾਵਾਂ ‘ਤੇ ਬਿਨਾ ਮਨਜ਼ੂਰੀ ਰੇਹੜੀਆਂ, ਫੜੀਆਂ ਲੱਗਣ ਨਾਲ ਪ੍ਰਬੰਧ ਖਰਾਬ ਹੋ ਰਿਹਾ ਹੈ। ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਨਿਗਮ ਜ਼ੋਨ ਏ ਦਫ਼ਤਰ ਦੇ ਬਾਹਰ ਲੱਗ ਰਹੀਆਂ ਨਾਜਾਇਜ਼ ਰੇਹੜੀਆਂ, ਫੜੀਆਂ ਦਾ ਮਾਮਲਾ ਵੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਨਿਗਮ ਦਫ਼ਤਰ ਦੇ ਬਾਹਰ ਹੀ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਕਾਨੂੰਨ ਦੀ ਪਾਲਨਾ ਕਿਵੇਂ ਯਕੀਨੀ ਬਣੇਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਨਿਗਮ ਕਮਿਸ਼ਨਰ ਅਲੰਕਾਰ ਨੇ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਨ ਅਤੇ ਜਲਦ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਲਾਪ੍ਰਵਾਹੀ ਜਾਂ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।