ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜਗੁਰੂ ਨਗਰ ਵਿਚ ਸ਼ਹਿਰ ਦੇ ਮਸ਼ਹੂਰ ਪ੍ਰਾਪਰਟੀ ਕਾਰੋਬਾਰੀ ਦੇ ਘਰ ਨੌਕਰਾਂ ਨੂੰ ਬੰਦੀ ਬਣਾਉਣ ਉਪਰੰਤ ਲੁਟੇਰੇ ਕਰੋੜਾਂ ਰੁਪਏ ਮੁੱਲ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮਸ਼ਹੂਰ ਪ੍ਰਾਪਰਟੀ ਕਾਰੋਬਾਰੀ ਸਾਹਿਲ ਆਪਣੇ ਪਰਿਵਾਰ ਸਮੇਤ ਦੁਬਈ ਘੁੰਮਣ ਲਈ ਗਿਆ ਹੋਇਆ ਸੀ ਤੇ ਉਨ੍ਹਾਂ ਦੇ ਘਰ ਦੇ ਪਿੱਛੇ ਉਨ੍ਹਾਂ ਦੀ ਨੌਕਰਾਣੀ ਅਤੇ ਡਰਾਈਵਰ ਮੌਜੂਦ ਸਨ। ਇਸ ਦੌਰਾਨ ਦੋ ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਨੇ ਇਨ੍ਹਾਂ ਦੋਵਾਂ ਨੂੰ ਬੰਦੀ ਬਣਾ ਲਿਆ। ਬੰਦੀ ਬਣਾਉਣ ਉਪਰੰਤ ਘਰ ਵਿਚ ਪਏ ਕਰੋੜਾਂ ਰੁਪਏ ਮੁੱਲ ਦੇ ਸੋਨੇ ਹੀਰੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਨ੍ਹਾਂ ਨੌਕਰਾਂ ਵਲੋਂ ਇਸ ਦੀ ਸੂਚਨਾ ਆਪਣੇ ਮਾਲਕਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਇਹ ਸਾਰਾ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਸਾਹਿਲ ਅਤੇ ਉਸ ਦਾ ਪਰਿਵਾਰ ਤੁਰੰਤ ਲੁਧਿਆਣਾ ਪਹੁੰਚੇ ਅਤੇ ਇਸ ਸੰਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ, ਜਿਸ ਵਿਚ ਦੋ ਨੌਜਵਾਨ ਉਨ੍ਹਾਂ ਦੇ ਘਰ ਦੇ ਨੇੜੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਵਿਚ ਬੈਗ ਵੀ ਫੜੇ ਹੋਏ ਹਨ। ਇਹ ਲੁਟੇਰੇ ਨਿਪਾਲੀ ਦੱਸੇ ਜਾ ਰਹੇ ਹਨ। ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਸੁਰਾਗ ਪੁਲਿਸ ਨੂੰ ਨਹੀਂ ਲੱਗਾ ਸੀ। ਪਾਸ਼ ਇਲਾਕੇ ਵਿਚ ਹੋਈ ਇਸ ਘਟਨਾ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।