ਆਲਮਗੀਰ, 20 ਜੂਨ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਦੇ ਇਲਾਕਾ ਬਚਿੱਤਰ ਨਗਰ ਤੋਂ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੋਜਨਾ ਦਾ ਜ਼ਰੂਰਤਮੰਦ ਵਰਗਾ ਨੂੰ ਵੱਡਾ ਲਾਭ ਮਿਲੇਗਾ, ਕਿਉਂਕਿ ਅੱਜ ਮਹਿੰਗਾਈ ਦੇ ਜ਼ਮਾਨੇ ਵਿਚ ਜਿੱਥੇ ਕੋਈ ਇਕ ਪੈਸੇ ਦੀ ਮਦਦ ਕਰਨ ਨੂੰ ਤਿਆਰ ਨਹੀਂ ਉਥੇ ਹੀ ਸੂਬਾ ਸਰਕਾਰ ਵਲੋਂ ਸੂਬੇ ਦੇ ਦਲਿਤ ਵਰਗ ਦੀਆਂ ਬੀਬੀਆਂ ਨੂੰ 1500 ਅਤੇ ਜਨਰਲ ਵਰਗ ਦੀਆਂ ਬੀਬੀਆਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਤਿਕਾਰ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਹਿਤੈਸ਼ੀ ਹੋਣ ਦਾ ਵੱਡਾ ਸਬੂਤ ਦਿੱਤਾ ਹੈ। ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਆਪਣੇ ਦਫ਼ਤਰ ਬਚਿੱਤਰ ਨਗਰ ਵਿਖੇ ਇਲਾਕੇ ਦੀਆਂ ਬੀਬੀਆਂ ਨੂੰ ਯੋਜਨਾ ਦਾ ਲਾਭ ਦੇਣ ਲਈ ਲਗਾਏ ਗਏ ਰਜਿਸਟ੍ਰੇਸ਼ਨ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੀ ਬਿਹਤਰੀ ਅਤੇ ਤਰੱਕੀ ਲਈ ਵੱਡੀਆਂ ਯੋਜਨਾਵਾਂ ਉਲੀਕ ਕੇ ਕੰਮ ਵਿਕਾਸ ਦੇ ਆਰੰਭੇ ਹਨ। ਮੈਂਬਰ ਖੰਨਾ ਨੇ ਦਾਅਵਾ ਕਰਦਿਆਂ ਕਿਹਾ ਕਿ ਸੂਬੇ ਵਿਚਲੇ ਸੂਝਵਾਨ ਵੋਟਰਾਂ ਦੀ ਸਮਝਦਾਰੀ ਸਦਕਾ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਮੁੜ ਤੋਂ ਸਰਕਾਰ ਦਾ ਗਠਨ ਕਰਕੇ ਭਗਵੰਤ ਮਾਨ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਾਈ ਗਈ। ਇਸ ਮੌਕੇ ਪ੍ਰਵੀਨ ਬਾਂਸਲ, ਸਤਿਨਾਮ ਸਿੰਘ, ਜਤਿੰਦਰਪਾਲ ਸਿੰਘ ਗਾਬੜੀਆ, ਮਨਜੀਤ ਸਿੰਘ, ਰਵਿੰਦਰ ਸਿੰਘ ਊਭੀ, ਜਸਵੀਰ ਸਿੰਘ, ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਨਗਰ ਨਿਵਾਸੀ ਹਾਜ਼ਰ ਸਨ।