ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ ‘ਤੇ ਦੇਰ ਰਾਤ ਇਕ ਨੌਜਵਾਨ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰਿਆਂ ਵਿਚੋਂ ਇਕ ਨੂੰ ਕਾਬੂ ਕਰਕੇ ਲੋਕਾਂ ਵਲੋਂ ਉਸਦਾ ਕੁਟਾਪਾ ਚਾੜਿਆ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ ਜਦੋਂ ਟਿੱਬਾ ਇਲਾਕੇ ਦੇ ਨੇੜੇ ਰਹਿਣ ਵਾਲਾ ਇਕ ਨੌਜਵਾਨ ਟਿੱਬਾ ਸੜਕ ‘ਤੇ ਜਾ ਰਿਹਾ ਸੀ ਕਿ ਉਸ ਨੂੰ ਤਿੰਨ ਲੁਟੇਰਿਆਂ ਨੇ ਰੋਕ ਲਿਆ ਅਤੇ ਨਗਦੀ ਦੀ ਮੰਗ ਕੀਤੀ। ਜਦੋਂ ਨੌਜਵਾਨ ਨੇ ਨਗਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਹਨਾਂ ਲੁਟੇਰਿਆਂ ਨੇ ਆਪਣੇ ਪਾਸ ਰੱਖਿਆ ਪਿਸਤੌਲ ਕੱਢ ਲਿਆ ਤੇ ਉਸ ਪਾਸੋਂ ਮੋਬਾਈਲ ਖੋਹ ਕੇ ਭੱਜ ਪਏ। ਨੌਜਵਾਨ ਨੇ ਰੌਲਾ ਪਾਇਆ ਗਿਆ ਜਿਸ ਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਭੱਜੇ ਜਾ ਰਹੇ ਇਹਨਾਂ ਨੂੰ ਲੁਟੇਰਿਆਂ ਵਿਚੋਂ ਇਕ ਨੂੰ ਕਾਬੂ ਕਰਕੇ ਉਸਦਾ ਕੁਟਾਪਾ ਚਾੜਿਆ। ਕੁਝ ਲੋਕਾਂ ਵਲੋਂ ਵੀਡੀਓ ਵੀ ਬਣਾਈ ਗਈ ਜੋ ਕਿ ਵਾਇਰਲ ਹੋ ਗਈ। ਥਾਣਾ ਟਿੱਬਾ ਦੇ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਿਸੇ ਨੇ ਵੀ ਕੋਈ ਸ਼ਿਕਾਇਤ ਉਨ੍ਹਾਂ ਨੂੰ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਆਉਣ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਰ ਵੀ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।