ਲਾਡੋਵਾਲ, 5 ਜੁਲਾਈ (ਬਲਬੀਰ ਸਿੰਘ ਰਾਣਾ)- ਪੰਜਾਬ ਦੇ ਵਿਗੜਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਅਤੇ ਸ਼ੱਕੀ ਪੁਰਸ਼ਾਂ ਨੂੰ ਨੱਥ ਪਾਉਣ ਲਈ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਲਾਡੋਵਾਲ ਵੱਲੋਂ ਮਹਾ ਨਗਰ ਦੀ ਐਂਟਰੀ ਪੁਆਇੰਟ ਲਾਡੋਵਾਲ ਵਿਖੇ ਸਪੈਸ਼ਲ ਨਾਕਾ ਲਾਇਆ ਗਿਆ ਅਤੇ ਐਂਟਰੀ ਪੁਆਇੰਟ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ l ਨਾਕੇ ਸਬੰਧੀ ਗੱਲਬਾਤ ਕਰਦੇ ਹੋਏ ਲਾਡੋਵਾਲ ਥਾਣਾ ਮੁਖੀ ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਐਂਟਰੀ ਪੁਆਇੰਟ ਲਾਡੋਵਾਲ ਤੋਂ ਮਹਾ ਨਗਰ ਲੁਧਿਆਣਾ ਨੂੰ ਜਾਣ ਵਾਲੇ ਹਰੇਕ ਸ਼ੱਕੀ ਵਾਹਨਾਂ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਵੱਡੇ ਪੱਧਰ ਤੇ ਜਾਂਚ ਕੀਤੀ ਗਈ ਹੈ ਤਾਂ ਜੋ ਕੋਈ ਗੈਂਗਸਟਰ, ਨਸ਼ਾ ਤਸਕਰ ਜਾਂ ਹੋਰ ਸ਼ੱਕੀ ਵਿਅਕਤੀ ਕਿਸੇ ਕਿਸਮ ਦੀ ਨਜਾਇਜ਼ ਚੀਜ਼ ਵਸਤ ਆਪਣੀ ਗੱਡੀ ਵਿਚ ਲੁਕਾ ਕੇ ਨਾ ਲਿਜਾ ਸਕੇ l ਥਾਣਾ ਮੁਖੀ ਕਾਹਲੋਂ ਨੇ ਦੱਸਿਆ ਕਿ ਨਾਕੇ ’ਤੇ ਖੜੇ ਪੁਲਿਸ ਕਰਮਚਾਰੀਆਂ ਵੱਲੋਂ ਹਰ ਵਿਅਕਤੀ ਕੋਲੋਂ ਪੁੱਛ ਪੜਤਾਲ ਕਰਨ ਉਪਰੰਤ ਉਨਾਂ ਨੂੰ ਸ਼ਹਿਰ ਵੱਲ ਨੂੰ ਭੇਜਿਆ ਜਾ ਰਿਹਾ ਹੈ, ਜਦ ਕਿ ਦੋ ਪਹੀਆ ਬਾਈਕ ’ਤੇ ਜਾਣ ਵਾਲੇ ਸ਼ੱਕੀ ਪੁਰਸ਼ਾਂ ਦੀ ਵੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਗਈ। ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਇਸ ਇਲਾਕੇ ਦੌਰਾਨ ਕਈ ਗੱਡੀਆਂ ਦੇ ਕਾਗਜਾਤ ਪੂਰੇ ਨਾ ਹੋਣ ਕਾਰਨ ਚਲਾਨ ਵੀ ਕੱਟੇ ਗਏ l ਇਸ ਮੌਕੇ ਮੁਣਸ਼ੀ ਨਰਾਇਣ ਸਿੰਘ,ਥਾਣੇਦਾਰ ਮਨਜੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਕਰਮਚਾਰੀ ਅਤੇ ਲੇਡੀ ਸਟਾਫ ਵੀ ਹਾਜਰ ਸਨ ।