ਲੁਧਿਆਣਾ, 7 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਪਿੰਡ ਕੁਲੀਏਵਾਲ ਵਿਖੇ ਨਾਜਾਇਜ਼ ਕਾਲੋਨੀ ਬਣਾਉਣ ਦੇ ਮਾਮਲੇ ਵਿਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਨਗਰ ਯੋਜਨਾਕਾਰ ਜ਼ੋਨ ਬੀ. ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਗੋਬਿੰਦ ਪ੍ਰਸ਼ਾਦ ਸਿੰਘ ਗਰੇਵਾਲ ਵਾਸੀ ਚੰਡੀਗੜ੍ਹ ਰੋਡ, ਉਸਦੀ ਪਤਨੀ ਮਹਿੰਦਰ ਕੌਰ ਅਤੇ ਜੱਸ ਕਿਰਨਜੀਤ ਸਿੰਘ ਗਿੱਲ ਵਾਸੀ ਸਰਾਭਾ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਪਿੰਡ ਕੁਲੀਏਵਾਲ ਨੇੜੇ ਤਾਜਪੁਰ ਰੋਡ ਵਿਖੇ ਚਾਰ ਏਕੜ ਵਿਚ ਨਾਜਾਇਜ਼ ਕਾਲੋਨੀ ਬਣਾ ਕੇ ਪਲਾਟ ਵੇਚ ਰਹੇ ਹਨ, ਜਦਕਿ ਇਸ ਜ਼ਮੀਨ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕਥਿਤ ਦੋਸ਼ੀ ਵਲੋਂ ਆਮ ਜਨਤਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਸ਼ਿਕਾਇਤ ਮਿਲਣ ‘ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਕਤ ਖ਼ਿਲਾਫ਼ ਕੇਸ ਦਰਜ ਕਰ ਲਿਆ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।