ਲੁਧਿਆਣਾ, 14 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਸੁੰਦਰ ਨਗਰ ਵਿਖੇ ਕਥਿਤ ਨਿਯਮਾਂ ਵਿਰੁੱਧ ਬਣੀ ਬਹੁਮੰਜ਼ਿਲਾ ਇਮਾਰਤ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਦਲੀਪ ਸੋਨੀ ਨੂੰ ਮੁਅੱਤਲ ਕਰ ਦਿੱਤਾ ਹੈ। ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡਕੁਆਟਰ ਮੋਗਾ ਵਿਖੇ ਨਿਰਧਾਰਿਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁੰਦਰ ਨਗਰ ਦੀ ਉਕਤ ਬਹੁਮੰਜ਼ਿਲਾ ਇਮਾਰਤ ਸਬੰਧੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ’ਤੇ ਸੁਣਵਾਈ ਕਰਦਿਆਂ ਕਮਿਸ਼ਨਰ ਨੇ ਉਸ ਸਮੇਂ ਦੇ ਨਗਰ ਨਿਗਮ ਕਮਿਸ਼ਨਰ ਡਾ: ਨੀਰੂ ਕਤਿਆਲ ਗੁਪਤਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਸੀ। ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਤੋਂ ਬਾਅਦ ਸਾਬਕਾ ਨਗਰ ਨਿਗਮ ਕਮਿਸ਼ਨਰ ਵਲੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਬਿਲਡਿੰਗ ਇੰਸਪੈਕਟਰ ਦਲੀਪ ਸੋਨੀ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਉਪਰੰਤ ਵਿਭਾਗ ਨੇ ਮਾਮਲੇ ਨਾਲ ਸਬੰਧਿਤ ਸ਼ਿਕਾਇਤਾਂ ਅਤੇ ਜਾਂਚ ਦੌਰਾਨ ਸਾਹਮਣੇ ਤੱਥਾਂ ਦੇ ਆਧਾਰ ਤੇ ਦਲੀਪ ਸੋਨੀ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਸਥਾਨਕ ਸਰਕਾਰਾਂ ਵਿਭਾਗ ਦੀ ਇਸ ਕਾਰਵਾਈ ਤੋ ਬਾਅਦ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਦੀ ਕਾਰਜਪ੍ਰਣਾਲੀ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਚਰਚਾ ਇਹ ਵੀ ਹੈ ਕਿ ਕੀ ਇਸ ਮਾਮਲੇ ਨਾਲ ਜੁੜੇ ਹੋਰ ਅਧਿਕਾਰੀਆਂ ਜਾ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੁੰਦਰ ਨਗਰ ਦੀ ਇਸ ਬਹੁਮੰਜ਼ਿਲਾਂ ਇਮਾਰਤ ਨੂੰ ਲੈ ਕੇ ਮਾਮਲਾ ਕਾਫ਼ੀ ਸਮੇਂ ਤੋ ਚਰਚਾ ਵਿਚ ਰਿਹਾ ਹੈ।
ਸੁੰਦਰ ਨਗਰ ਬਹੁ ਮੰਜ਼ਿਲਾ ਇਮਾਰਤ ਮਾਮਲੇ ’ਚ ਵੱਡੀ ਕਾਰਵਾਈ
ਅਜੀਤ ਡੈਸਕ
15-07-2026