ਲੁਧਿਆਣਾ, 14 ਜੁਲਾਈ (ਜਤਿੰਦਰ ਭੰਬੀ)- ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਪੰਜਾਬ ਸਰਕਾਰ ਨੂੰ ਉਦਯੋਗਾਂ ਨਾਲ ਸਬੰਧਿਤ ਦੋ ਲੰਬੇ ਸਮੇਂ ਤੋਂ ਲਟਕ ਰਹੇ ਮਸਲਿਆਂ ਦਾ ਤਰਜੀਹੀ ਆਧਾਰ ’ਤੇ ਹੱਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਲੁਧਿਆਣਾ ਦੀ ਮਲੇਰਕੋਟਲਾ ਰੋਡ ‘ਤੇ ਸਥਿਤ ਲੰਬੇ ਸਮੇਂ ਤੋਂ ਚੱਲ ਰਹੀਆਂ ਉਦਯੋਗਿਕ ਇਕਾਈਆਂ ਨੂੰ ਐਨਓਸੀ ਅਤੇ ਹੋਰ ਲੋੜੀਂਦੀਆਂ ਮਨਜ਼ੂਰੀਆਂ ਤੁਰੰਤ ਜਾਰੀ ਕਰਕੇ ਉਦਯੋਗਾਂ ਲਈ ਸਥਿਰ ਅਤੇ ਉਦਯੋਗ-ਅਨੁਕੂਲ ਮਾਹੌਲ ਯਕੀਨੀ ਬਣਾਉਣ ਦੀ ਅਪੀਲ ਕੀਤੀ। ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਮਿਕਸਡ ਲੈਂਡ ਯੂਜ਼ ਖੇਤਰਾਂ ਵਿਚ ਚੱਲ ਰਹੇ ਉਦਯੋਗਾਂ ਲਈ ਜਾਰੀ ਕੰਸੈਂਟ ਟੂ ਓਪਰੇਟ ਦੀ ਮਿਆਦ ਸਤੰਬਰ 2026 ਵਿਚ ਸਮਾਪਤ ਹੋਣ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਇਕ ਸਥਾਈ ਨੀਤੀ ਦਾ ਐਲਾਨ ਕਰਨਾ ਚਾਹੀਦਾ ਹੈ। ਫਿਕੋ ਦੇ ਉਪ ਪ੍ਰਧਾਨ ਬਲਦੇਵ ਸਿੰਘ ਅਮਰ ਨੇ ਇਕ ਹੋਰ ਲੰਬੇ ਸਮੇਂ ਤੋਂ ਲਟਕ ਰਹੇ ਮਸਲੇ ਨੂੰ ਉਠਾਉਂਦੇ ਹੋਏ ਮਲੇਰਕੋਟਲਾ ਰੋਡ ਸਥਿਤ ਗਿੱਲ, ਰਾਣੀਆਂ, ਸੰਗੋਵਾਲ ਅਤੇ ਆਲਮਗੀਰ ਪਿੰਡਾਂ ਵਿਚ ਚੱਲ ਰਹੀਆਂ ਮੌਜੂਦਾ ਉਦਯੋਗਿਕ ਇਕਾਈਆਂ ਨੂੰ ਤੁਰੰਤ ਐਨਓਸੀ ਅਤੇ ਲੋੜੀਂਦੀਆਂ ਮਨਜ਼ੂਰੀਆਂ ਜਾਰੀ ਕਰਨ ਦੀ ਮੰਗ ਕੀਤੀ। ਫਿਕੋ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੋਵਾਂ ਮਸਲਿਆਂ ਦਾ ਤਰਜੀਹੀ ਅਧਾਰ ‘ਤੇ ਹੱਲ ਕੀਤਾ ਜਾਵੇ, ਤਾਂ ਜੋ ਉਦਯੋਗ ਜਗਤ ਦਾ ਭਰੋਸਾ ਬਣਿਆ ਰਹੇ ਅਤੇ ਮੌਜੂਦਾ ਉਦਯੋਗਿਕ ਇਕਾਈਆਂ ਬਿਨ੍ਹਾਂ ਬੇਲੋੜੀ ਪ੍ਰਸ਼ਾਸਕੀ ਅਣਿਸ਼ਚਿਤਤਾ ਦੇ ਰੁਜ਼ਗਾਰ, ਨਿਰਯਾਤ ਅਤੇ ਪੰਜਾਬ ਦੀ ਆਰਥਿਕ ਤਰੱਕੀ ਵਿਚ ਆਪਣਾ ਯੋਗਦਾਨ ਜਾਰੀ ਰੱਖ ਸਕਣ।