ਲੁਧਿਆਣਾ, 15 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਤੈਨਾਤ ਮਹਿਲਾ ਕਲਰਕ ਦਾ ਮੋਬਾਈਲ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕਲਰਕ ਸਲੋਨੀ ਵਾਸੀ ਫ਼ਤਿਹਗੜ੍ਹ ਗੁੱਜਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਚਹਿਰੀਆਂ ਵਿਚ ਕਾਪੀ ਬਰਾਂਚ ਵਿਚ ਬਤੌਰ ਕਲਰਕ ਤੈਨਾਤ ਹੈ ਅਤੇ ਬੀਤੇ ਦਿਨ ਉਸ ਨੇ ਆਪਣੀ ਮੇਜ਼ ’ਤੇ ਮੋਬਾਈਲ ਰੱਖਿਆ ਸੀ। ਕੁੱਝ ਦੇਰ ਬਾਅਦ ਉਸ ਨੇ ਦੇਖਿਆ ਤਾਂ ਉਸ ਦਾ ਮੋਬਾਈਲ ਚੋਰੀ ਹੋ ਚੁੱਕਾ ਸੀ, ਜਿਸ ’ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਚੋਰ ਦਾ ਪਤਾ ਨਹੀਂ ਲੱਗਾ ਹੈ।