ਲੁਧਿਆਣਾ, 15 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਬਾਲ ਮਜ਼ਦੂਰੀ ਕਰਨ ਦੇ ਮਾਮਲੇ ਵਿਚ ਕੰਪਨੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਬਚਪਨ ਬਚਾਓ ਮਹਿਕਮੇ ਵਿਚ ਬਤੌਰ ਪ੍ਰੋਜੈਕਟ ਅਫ਼ਸਰ ਤੈਨਾਤ ਰੀਤੂ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਨਿਊ ਲੈਜਡ ਇੰਟਰਪ੍ਰਾਈਜਜ਼ ਅਤੇ ਮੁਕਟ ਹੌਜ਼ਰੀ ਵਰਕਸ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੇ ਉਕਤ ਕਥਿਤ ਦੋਸ਼ੀਆਂ ਦੀ ਕੰਪਨੀਆਂ ਤੇ ਛਾਪੇਮਾਰੀ ਕੀਤੀ ਸੀ ਜਿੱਥੇ ਕਿ ਲੈਜਡ ਇੰਟਰਪ੍ਰਾਈਸ ਫ਼ੈਕਟਰੀ ਵਿਚੋਂ 13 ਨਾਬਾਲਗ ਬੱਚਿਆਂ ਨੂੰ ਬਰਾਮਦ ਕੀਤਾ ਗਿਆ। ਜਦਕਿ ਮੁਕਟ ਹੌਜ਼ਰੀ ਵਿਚੋਂ ਦੋ ਨਬਾਲਗ ਬੱਚਿਆਂ ਨੂੰ ਬਰਾਮਦ ਕੀਤਾ ਗਿਆ, ਜਿਸ ਤੇ ਸ਼ਿਕਾਇਤਕਰਤਾ ਵਲੋਂ ਇਨ੍ਹਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।