ਲੁਧਿਆਣਾ, 26 ਜੁਲਾਈ (ਜਤਿੰਦਰ ਭੰਬੀ)-ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਸਰਕਾਰ ਉੱਪਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਾ ਪੂਰੇ ਕਰਕੇ ਲੋਕਾਂ ਨਾਲ ਧੋਖਾ ਕਰਨ ਅਤੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਤੋਂ ਮੂੰਹ ਮੋੜਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਹੈ, ਪੰਜਾਬ ਲਗਾਤਾਰ ਧਰਨਿਆਂ ਅਤੇ ਪ੍ਰਦਰਸਨਾਂ ਦੀ ਲਪੇਟ ਵਿਚ ਹੈ। ਮੁਲਾਜਮ ਜਥੇਬੰਦੀਆਂ, ਕਿਸਾਨਾਂ, ਬੇਰੁਜਗਾਰ ਨੌਜਵਾਨਾਂ, ਬਿਜਲੀ ਨਿਗਮ ਦੇ ਮੁਲਾਜਮਾਂ ਤੋਂ ਲੈ ਕੇ ਸਫਾਈ ਕਰਮਚਾਰੀਆਂ ਤੱਕ ਸਮਾਜ ਦਾ ਲਗਭਗ ਹਰ ਵਰਗ ਆਪਣੀਆਂ ਜਾਇਜ ਮੰਗਾਂ ਮਨਵਾਉਣ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਇਆ ਹੈ। ਦੀਵਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਖੰਨਾ ਵਿਚ ਮਨਰੇਗਾ ਵਰਕਰਾਂ ਨੂੰ ਇਨਸਾਫ਼ ਦੇਣ ਦੀ ਬਜਾਏ ਸਰਕਾਰ ਨੇ ਉਨਾਂ ’ਤੇ ਪਾਣੀ ਦੀਆਂ ਬੌਛਾੜਾਂ, ਅੱਥਰੂ ਗੈਸ ਅਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਜਦਕਿ ਬਰਨਾਲਾ ਵਿਚ ਸਫਾਈ ਕਰਮਚਾਰੀਆਂ ਨਾਲ ਵੀ ਇਹੋ ਜਿਹਾ ਅਮਾਨਵੀ ਵਰਤਾਅ ਕੀਤਾ ਗਿਆ। ਇਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਵੀ ਸਭ ਦੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਗਿਆ।ਉਨਾਂ ਨੇ ਦੋਸ਼ ਲਗਾਇਆ ਕਿ ਜਦੋਂ ਤੋਂ ਆਪ ਸਰਕਾਰ ਸੱਤਾ ਵਿੱਚ ਆਈ ਹੈ, ਉਸਨੇ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਅਤੇ ਯੂਨੀਅਨਾਂ ਦੀ ਆਵਾਜ ਨੂੰ ਬੇਰਹਿਮੀ ਨਾਲ ਦਬਾਉਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ‘ਧਰਨਾ ਮੁਕਤ’ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅੱਜ ਉਸ ਨੂੰ ‘ਧਰਨਾ ਯੁਕਤ’ ਸੂਬਾ ਬਣਾ ਦਿੱਤਾ ਹੈ।ਦੀਵਾਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਤੰਤਰ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ, ਪਰ ਆਪ ਸਰਕਾਰ ਇਸ ਅਧਿਕਾਰ ਨੂੰ ਤਾਨਾਸ਼ਾਹੀ ਰਵੱਈਏ ਨਾਲ ਕੁਚਲਣਾ ਚਾਹੁੰਦੀ ਹੈ। ਉਹ ਇਹ ਨਹੀਂ ਸਮਝ ਰਹੀ ਕਿ ਉਸਦੇ ਹੰਕਾਰ ਦੀ ਵੀ ਇੱਕ ਮਿਆਦ ਹੈ ਅਤੇ ਪੰਜਾਬ ਦੇ ਲੋਕ ਉਸ ਨੂੰ ਸੱਤਾ ਤੋਂ ਬਾਹਰ ਕਰਨ ਲਈ ਦਿਨ ਗਿਣ ਰਹੇ ਹਨ।
ਧਰਨਾ ਮੁਕਤ ਤੋਂ ‘ਧਰਨਾ ਯੁਕਤ’ ਸੂਬਾ ਬਣਿਆ ਪੰਜਾਬ-ਦੀਵਾਨ
ਅਜੀਤ ਡੈਸਕ
27-07-2026