ਆਟੋ ਰਿਕਸ਼ਾ ਲੁਟੇਰਾ ਗਰੋਹ ਨੇ ਨੌਜਵਾਨ ਨੂੰ ਲੁੱਟਿਆ
ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਮਰਾਲਾ ਚੌਕ ਵਿਚ ਆਟੋ ਰਿਕਸ਼ਾ ਲੁਟੇਰਾ ਗਰੋਹ ਨੇ ਇਕ ਨੌਜਵਾਨ ਪਾਸੋਂ ਮੋਬਾਈਲ ਅਤੇ ਹੋਰ ਸਾਮਾਨ ਲੁੱਟ ਲਿਆ ਤੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਅੰਮ੍ਰਿਤਸਰ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।
ਲੁਧਿਆਣਾ, 8 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਮਰਾਲਾ ਚੌਕ ਵਿਚ ਆਟੋ ਰਿਕਸ਼ਾ ਲੁਟੇਰਾ ਗਰੋਹ ਨੇ ਇਕ ਨੌਜਵਾਨ ਪਾਸੋਂ ਮੋਬਾਈਲ ਅਤੇ ਹੋਰ ਸਾਮਾਨ ਲੁੱਟ ਲਿਆ ਤੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਅੰਮ੍ਰਿਤਸਰ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਕੰਮਕਾਜ ਦੇ ਸਿਲਸਿਲੇ ਵਿਚ ਅੰਮ੍ਰਿਤਸਰ ਤੋਂ ਲੁਧਿਆਣਾ ਆਇਆ ਸੀ ਅਤੇ ਉਸ ਨੇ ਸਮਰਾਲਾ ਚੌਕ ਬੱਸ ਤੋਂ ਉਤਰ ਕੇ ਨੀਚੀ ਮੰਗਲੀ ਪਿੰਡ ਜਾਣ ਲਈ ਆਟੋ ਰਿਕਸ਼ਾ ਕਿਰਾਏ ’ਤੇ ਲਿਆ ਸੀ, ਜਿਸ ਵਿਚ ਡਰਾਈਵਰ ਤੇ ਦੋ ਨੌਜਵਾਨ ਬੈਠੇ ਸਨ। ਇਨ੍ਹਾਂ ਨੌਜਵਾਨਾਂ ਵਿਚੋਂ ਇਕ ਨੇ ਉਸ ਦੀ ਜੇਬ ’ਚੋਂ ਮੋਬਾਈਲ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਅਤੇ ਥੋੜ੍ਹੀ ਦੂਰ ਥਾਣਾ ਡਵੀਜ਼ਨ ਨੰਬਰ 7 ਦੇ ਨੇੜੇ ਜਾ ਕੇ ਉਸ ਨੂੰ ਆਟੋ ਤੋਂ ਹੇਠਾਂ ਉਤਾਰ ਦਿੱਤਾ। ਜਦੋਂ ਉਸ ਨੇ ਦੇਖਿਆ ਕਿ ਉਸ ਦਾ ਮੋਬਾਈਲ ਅਤੇ ਹੋਰ ਸਾਮਾਨ ਨਹੀਂ ਸੀ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਹਨਾਂ ਲੁਟੇਰਿਆਂ ਦਾ ਪਤਾ ਨਹੀਂ ਲੱਗਾ ਹੈ। ਵੱਖ ਵੱਖ ਥਾਵਾਂ ’ਤੇ ਨਸ਼ਾ ਕਰਦੇ ਨੌਜਵਾਨ ਕਾਬੂ -ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਨਸ਼ਾ ਕਰਦੇ ਨੌਜਵਾਨਾਂ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਹਰਦੀਪ ਸਿੰਘ ਵਾਸੀ ਫਿਲੌਰ ਨੂੰ ਸਟਾਰ ਸਿਟੀ ਪਾਰਕ ਨੇੜੇ ਨਸ਼ਾ ਕਰਦੇ ਕਾਬੂ ਕੀਤਾ ਹੈ। ਦੂਜੇ ਮਾਮਲੇ ਵਿਚ ਆਤਮ ਨਗਰ ਦੇ ਸੇਵਾ ਕੇਂਦਰ ਨੇੜੇ ਨਸ਼ਾ ਕਰ ਰਹੇ ਸ਼ੁਭਮ ਉਰਫ ਸਬੀ ਨੂੰ ਵੀ ਪੁਲਿਸ ਨੇ ਕਾਬੂ ਕੀਤਾ। ਪੁਲਿਸ ਨੇ ਉਸ ਪਾਸੋਂ ਨਸ਼ਾ ਵੀ ਬਰਾਮਦ ਕੀਤਾ ਹੈ। ਤੀਜੇ ਮਾਮਲੇ ਵਿਚ ਪੁਲਿਸ ਵਲੋਂ ਰਿੱਕੀ ਵਾਸੀ ਵਾਲਮੀਕੀ ਮੁਹੱਲਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਵੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਸੁੰਦਰ ਨਗਰ ਨੇੜੇ ਸ਼ਰੇਆਮ ਨਸ਼ਾ ਕਰ ਰਿਹਾ ਸੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਸੋਨੂ ਸਿੰਗਲਾ ਵਾਸੀ ਮਲੇਰਕੋਟਲਾ ਅਤੇ ਚੰਦਨ ਕੁਮਾਰ ਵਾਸੀ ਪਿੰਡ ਛਪਾਰ ਨੂੰ ਵੀ ਨਸ਼ਾ ਕਰਦੇ ਕਾਬੂ ਕੀਤਾ ਹੈ। ਕਥਿਤ ਦੋਸ਼ੀ ਲੱਕੜ ਪੁਲ ਨੇੜੇ ਨਸ਼ਾ ਕਰ ਰਹੇ ਸਨ। ਦਰੇਸੀ ਗਰਾਊਂਡ ਵਿਚ ਨਸ਼ਾ ਕਰਦੇ ਮਿੰਕੂ ਪੁੱਤਰ ਪਵਨ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਇਹਨਾਂ ਸਾਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ। ਕਿਰਾਏਦਾਰ ਦੀ ਕੁੱਟਮਾਰ -ਪੁਲਿਸ ਨੇ ਸਚਿਨ ਕੁਮਾਰ ਵਾਸੀ ਗੋਪਾਲ ਨਗਰ ਦੀ ਸ਼ਿਕਾਇਤ ’ਤੇ ਮੋਹਿਤ ਸੰਨੀ ਅਤੇ 10 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਕਤ ਕਥਿਤ ਦੋਸ਼ੀ ਉਸ ਦੇ ਘਰ ਵਿਚ ਆਏ ਅਤੇ ਕਿਰਾਏ ਨੂੰ ਲੈ ਕੇ ਉਸ ਨਾਲ ਉਲਝ ਪਏ। ਕਥਿਤ ਦੋਸ਼ੀਆਂ ਵਲੋਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪਤਨੀ ਪਾਸੋਂ 10 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਲੜਾਈ ਦੌਰਾਨ ਉਸ ਦੀ ਪਤਨੀ ਦਾ ਸੋਨੇ ਦਾ ਮੰਗਲ ਸੂਤਰ ਅਤੇ ਭੈਣ ਦੇ ਜ਼ੇਵਰ ਵੀ ਉੱਥੇ ਡਿਗ ਗਏ, ਜਿਸ ਦਾ ਪਤਾ ਨਹੀਂ ਲੱਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਲੈਟ ’ਤੇ ਕਬਜ਼ੇ ਦੀ ਕੋਸ਼ਿਸ਼ -ਪੁਲਿਸ ਨੇ ਜਸਵਿੰਦਰ ਸਿੰਘ ਵਾਸੀ ਵਿਸ਼ਾਲ ਨਗਰ ਦੀ ਸ਼ਿਕਾਇਤ ’ਤੇ ਸੁਨੀਤਾ ਸ਼ਾਰਦਾ ਹਰਪ੍ਰੀਤ ਸਿੰਘ ਵਾਸੀ ਐਲ.ਆਈ.ਜੀ. ਫਲੈਟਸ ਦੁੱਗਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸ ਦੇ ਫਲੈਟ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਹੈਰੋਇਨ ਸਮੇਤ ਕਾਬੂ -ਪੁਲਿਸ ਨੇ ਅਮਿਤ ਵਾਸੀ ਪ੍ਰੀਤਮ ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 32 ਗ੍ਰਾਮ ਹੈਰੋਇਨ 12 ਬੋਤਲਾਂ ਸ਼ਰਾਬ ਅਤੇ ਇਕ ਕਾਰ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਨੂੰ ਪੁਲਿਸ ਨੇ ਕਾਰਾਬਾਰਾ ਚੌਕ ਨੇੜਿਉਂ ਕਾਬੂ ਕੀਤਾ ਹੈ, ਜਦੋਂ ਕਿ ਉਹ ਇਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਜਾ ਰਿਹਾ ਸੀ। ਐਕਟਿਵਾ ਖੋਹ ਕੇ ਫ਼ਰਾਰ -ਸਥਾਨਕ ਦੁੱਗਰੀ ਇਲਾਕੇ ਵਿਚੋਂ ਤਿੰਨ ਹਥਿਆਰਬੰਦ ਲੁਟੇਰੇ ਹਰ ਕਰਮਪ੍ਰੀਤ ਸਿੰਘ ਦਾ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਐਸ.ਵੀ.ਐਨ. ਸਕੂਲ ਨੇੜੇ ਜਾ ਰਿਹਾ ਸੀ ਕਿ ਉਕਤ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕਰਨ ਉਪਰੰਤ ਉਸ ਤੋਂ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਕੇਸ ਦਰਜ ਕਰਨ ਉਪਰੰਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।