ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਪੀ.ਏ.ਯੂ. ਦਾ ਮਿਸਾਲੀ ਯੋਗਦਾਨ-ਚੇਅਰਮੈਨ ਬਰਸਟ
ਲੁਧਿਆਣਾ, 19 (ਜਸਵਿੰਦਰ ਸਿੰਘ)-ਪੀ. ਏ.
ਲੁਧਿਆਣਾ, 19 (ਜਸਵਿੰਦਰ ਸਿੰਘ)-ਪੀ.ਏ.ਯੂ. ਵਿਖੇ ਜਾਰੀ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਿਆ। ਕਿਸਾਨ ਮੇਲੇ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ ਹਾਜ਼ਰੀ ਲਵਾਈ। ਕਿਸਾਨ ਮੇਲੇ ਦੇ ਦੂਜੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੇਲੇ ਦੂਜੇ ਦਿਨ ਦੀ ਪ੍ਰਧਾਨਗੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ, ਆਈ. ਏ. ਐਸ ਨੇ ਕੀਤੀ। ਇਸ ਤੋਂ ਇਲਾਵਾ ਸਮਾਰੋਹ ਵਿਚ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ ਅਤੇ ਇੰਜ: ਅਮਰਜੀਤ ਸਿੰਘ ਢਿੱਲੋਂ ਸਮੇਤ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਿਸਾਨ ਮੌਜੂਦ ਰਹੇ। ਮੁੱਖ ਮਹਿਮਾਨ ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਪੀ.ਏ.ਯੂ. ਦਾ ਮਿਸਾਲੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਾਂਝ ਸਦਕਾ ਹੀ ਪੀ.ਏ.ਯੂ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਯੂਨੀਵਰਸਿਟੀ ਲਗਾਤਾਰ ਖੋਜ ਕਾਰਜਾਂ ਵਿਚ ਜੁਟੀ ਹੋਈ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਸਨੇਹਾ ਦਿੱਤਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਅਗਵਾਈ ਵਿਚ ਨਵੀਆਂ ਖੇਤੀ ਤਕਨੀਕਾਂ ਨੂੰ ਅਪਣਾ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵਲੋਂ ਜੋ ਯੂਨੀਵਰਸਿਟੀ ਲਾਇਬਰੇਰੀ ਅਤੇ ਸੜਕਾਂ ਦੇ ਨਵੀਨੀਕਰਨ ਲਈ ਹਰ ਸੰਭਵ ਆਰਥਿਕ ਮਦਦ ਭਵਿੱਖ ਵਿਚ ਵੀ ਜਾਰੀ ਰਹੇਗੀ। ਪੀ.ਏ.ਯੂ ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ, ਆਈ. ਏ. ਐਸ ਨੇ ਕਿਹਾ ਕਿ ਕਿਸਾਨ ਮੇਲਾ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਾਂਝ ਦਾ ਮੰਚ ਹੈ। ਉਨ੍ਹਾਂ ਕਿਸਾਨਾਂ ਨੂੰ ਮੇਲੇ ਤੋਂ ਨਵੇਂ ਵਿਚਾਰ ਲੈ ਕੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਦਾ ਉਦੇਸ਼ ‘ਵਿਗਿਆਨਕ ਢੰਗ ਅਪਣਾਓ , ਖੇਤੀ ਆਮਦਨ ਵਧਾਓ’ ਸਿਰਫ਼ ਇਕ ਨਾਅਰਾ ਨਹੀਂ, ਇਕ ਦਿਸ਼ਾ ਹੈ। ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ, ਆਈ.ਏ.ਐਸ. ਨੇ ਕਿਹਾ ਆਮਦਨ ਵਧਾਉਣ ਲਈ ਬੀਜਾਂ ਦੀਆਂ ਨਵੀਆਂ ਕਿਸਮਾਂ ਹੀ ਸਮੱਸਿਆ ਦਾ ਹੱਲ ਨਹੀਂ ਹੈ; ਨਵੀਂ ਕਿਸਮ, ਸਮਾਂ, ਤਕਨੀਕ, ਇਨਪੁੱਟ ਅਤੇ ਮੰਡੀਕਰਨ ਮਿਲ ਕੇ ਹੀ ਖੇਤੀ ਨੂੰ ਹੋਰ ਵਧੇਰੇ ਲਾਹੇਵੰਦ ਬਣਾ ਸਕਦੇ ਹਨ। ਕੁਦਰਤੀ ਸਰੋਤਾਂ ਦੀ ਸੰਭਾਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਪਾਣੀ ਸਭ ਤੋਂ ਵੱਡੀ ਪੂੰਜੀ ਹੈ। ਪਾਣੀ ਦੀ ਸੰਭਾਲ ਨਾਲ ਹੀ ਖੇਤੀ ਜੁੜੀ ਹੋਈ ਹੈ। ਕਿਸਾਨਾਂ ਨੂੰ ਵੱਧ ਪਾਣੀ ਦੀ ਵਰਤੋਂ ਦੀ ਬਜਾਏ ਵੱਧ ਝਾੜ ਉਪਰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਮੁੱਖ ਫ਼ਸਲਾਂ ਕਣਕ-ਝੋਨੇ ਦਾ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਵੈ ਮੰਡੀਕਰਨ ਨਾਲ ਜੁੜੇ ਕਿਸਾਨਾਂ ਅਤੇ ਸਵੈ ਸੇਵੀ ਸਮੂਹਾਂ ਦੀ ਮਿਸਾਲ ਦਿੰਦਿਆਂ ਕਿਸਾਨਾਂ ਨੂੰ ਬਿਨਾਂ ਸੰਕੋਚ ਜਾਂ ਸ਼ਰਮ ਤੋਂ ਆਪਣੀ ਜਿਨਸ ਦੀ ਵਿੱਕਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਨਸ ਨੂੰ ਖੇਤ ਤੋਂ ਖੇਤੀ ਉਤਪਾਦ ਬਣਾ ਕੇ ਬਾਜ਼ਾਰ ਤੱਕ ਲੈ ਕੇ ਜਾਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਸਾਨ ਬੀਬੀਆਂ ਨੂੰ ਵੀ ਡੇਅਰੀ ਅਤੇ ਬੇਕਰੀ ਵਰਗੇ ਧੰਦਿਆਂ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀ ਬੀਜਾਂ ਦੀ ਖੇਤਾਂ ਵਿਚ ਪਰਖ ਕਰਕੇ ਹੀ ਮੇਲਿਆਂ ਰਾਹੀਂ ਕਿਸਾਨਾਂ ਤੱਕ ਲੈ ਕੇ ਜਾਂਦੇ ਹਨ। ਡਾ. ਢੱਟ ਨੇ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਵਲੋਂ ਪੈਦਾ ਕੀਤੀਆਂ ਕਿਸਮਾਂ ਕੇਵਲ ਪੰਜਾਬ ਦੇ ਕਿਸਾਨ ਹੀ ਭਾਰਤ ਦੇ ਦੂਜੇ ਸੂਬਿਆਂ ਦੇ ਕਿਸਾਨ ਵੀ ਵਰਤਦੇ ਹਨ। ਡਾ. ਢੱਟ ਨੇ ਪੀ.ਏ.ਯੂ. ਵਲੋਂ ਪੈਦਾ ਕੀਤੀ ਕਣਕ ਦੀ ਕਿਸਮ ਪੀ.ਬੀ.ਡਬਲਯੂ. 826 ਦਾ ਵਿਸ਼ੇਸ਼ ਜ਼ਿਕਰ ਕੀਤਾ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੀ.ਏ.ਯੂ. ਸਾਲ 1967 ਤੋਂ ਹਾੜੀ ਅਤੇ ਸਾਉਣੀ ਦੇ ਮੇਲੇ ਲਗਾਉਂਦੀ ਆ ਰਹੀ ਹੈ। ਇਨ੍ਹਾਂ ਮੇਲਿਆਂ ਵਿਚ ਕਿਸਾਨਾਂ ਦੀ ਵਧਦੀ ਗਿਣਤੀ ਕਿਸਾਨਾਂ ਦਾ ਪੀ.ਏ.ਯੂ ਦੀਆਂ ਖੇਤੀ ਖੋਜਾਂ ਪ੍ਰਤੀ ਵਧਦੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਮੌਕੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ.ਦਵਿੰਦਰ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਫ਼ਸਲਾਂ ਦੇ ਝਾੜ ਦੇ ਨਾਲ-ਨਾਲ ਗੁਣਵੱਤਾ ਵਧਾਉਣ ਦੀ ਅਪੀਲ ਕੀਤੀ। ਸਮਾਗਮ ਦਾ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਪੀ.ਏ.ਯੂ ਨੇ ਕੀਤਾ। ਅੰਤ ਵਿਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਕਹੇ । ਪੰਜਾਬ ਦੇ ਲੋਕ ਕਲਾਕਾਰਾਂ ਜਸਵਿੰਦਰ ਬਰਾੜ ਅਤੇ ਮੱਖਣ ਲੁਹਾਰ ਨੇ ਹਾਜ਼ਰ ਕਿਸਾਨਾਂ ਦਾ ਮਨੋਰੰਜਨ ਕੀਤਾ । ਕਿਸਾਨਾਂ ਨੇ ਯੂਨੀਵਰਸਿਟੀ ਦੇ ਕਈ ਕਿਸਮਾਂ ਦੇ ਬੀਜਾਂ, ਫਲਦਾਰ ਬੂਟਿਆਂ, ਸਬਜ਼ੀਆਂ, ਤੇਲ ਬੀਜਾਂ, ਚਾਰਿਆਂ ਦੀਆਂ ਕਿੱਟਾਂ ਤੋਂ ਇਲਾਵਾ ਵੱਡੀ ਮਾਤਰਾ ਵਿਚ ਖੇਤੀ ਸਾਹਿੱਤ ਦੀ ਖ਼ਰੀਦਦਾਰੀ ਕੀਤੀ।