ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋਂ ਆਮ ਆਦਮੀ ਕਲੀਨਿਕ ਸਲੇਮ ਟਾਬਰੀ ਵਿਖੇ ਐਚ 1 ਐਨ 1 ਸੰਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ
ਲੁਧਿਆਣਾ, 20 ਸਤੰਬਰ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਡਾ.
ਲੁਧਿਆਣਾ, 20 ਸਤੰਬਰ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਐਚ1 ਐਨ1 (ਸਵਾਈਨ ਫਲੂ) ਸਬੰਧੀ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਿਮਾਰੀ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ, ਸਹੀ ਡਾਕਟਰੀ ਸਲਾਹ ਅਤੇ ਲੋੜ ਅਨੁਸਾਰ ਇਲਾਜ ਨਾਲ ਗੰਭੀਰ ਪੇਚੀਦਗੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੁਖ਼ਾਰ, ਖੰਘ, ਗਲੇ ਵਿਚ ਦਰਦ, ਸਰੀਰ ਵਿਚ ਦਰਦ, ਸਿਰ ਦਰਦ, ਥਕਾਵਟ ਅਤੇ ਸਾਹ ਲੈਣ ਵਿਚ ਤਕਲੀਫ਼ ਵਰਗੇ ਲੱਛਣਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਗਰਭਵਤੀ ਔਰਤਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਹਤ ਸਬੰਧੀ ਸਹੀ ਜਾਣਕਾਰੀ ਦਾ ਪ੍ਰਸਾਰ ਅਤੇ ਲੋਕਾਂ ਦੀ ਸਾਂਝੀ ਭਾਗੀਦਾਰੀ ਐਚ1 ਐਨ1 ਸਮੇਤ ਸਾਹ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਅਹਿਮ ਹੈ। ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋਂ ਅੱਜ ਆਮ ਆਦਮੀ ਕਲੀਨਿਕ, ਸਲੇਮ ਟਾਬਰੀ ਵਿਖੇ ਐਚ1 ਐਨ1 ਸਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਸੈਸ਼ਨ ਦੌਰਾਨ ਟੀਮ ਵਲੋਂ ਹਾਜ਼ਰ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਇਨਫਲੂਐਂਜ਼ਾ ਵਾਇਰਸ ਕਾਰਨ ਹੋਣ ਵਾਲੀ ਸਾਹ ਪ੍ਰਣਾਲੀ ਦੀ ਲਾਗ ਹੈ, ਜਿਸ ਦੇ ਲੱਛਣ ਕਈ ਵਾਰ ਆਮ ਫਲੂ ਵਰਗੇ ਹੀ ਹੁੰਦੇ ਹਨ। ਬੁਖ਼ਾਰ, ਖੰਘ, ਗਲੇ ਵਿਚ ਦਰਦ, ਨੱਕ ਵਗਣਾ, ਸਰੀਰ ਵਿਚ ਦਰਦ, ਸਿਰ ਦਰਦ ਅਤੇ ਥਕਾਵਟ ਇਸ ਦੇ ਆਮ ਲੱਛਣ ਹੋ ਸਕਦੇ ਹਨ। ਕੁੱਝ ਮਰੀਜ਼ਾਂ ਵਿਚ ਉਲਟੀਆਂ ਜਾਂ ਦਸਤ ਵਰਗੇ ਲੱਛਣ ਵੀ ਦੇਖਣ ਨੂੰ ਮਿਲ ਸਕਦੇ ਹਨ। ਲੋਕਾਂ ਨੂੰ ਸਮਝਾਇਆ ਗਿਆ ਕਿ ਹਰ ਫਲੂ ਵਰਗੇ ਲੱਛਣ ਵਾਲੇ ਵਿਅਕਤੀ ਨੂੰ ਐਚ1 ਐਨ1 ਹੋਣਾ ਜ਼ਰੂਰੀ ਨਹੀਂ, ਪਰ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਅਤੇ ਲੋੜ ਪੈਣ ‘ਤੇ ਡਾਕਟਰੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਜਾਗਰੂਕਤਾ ਸੈਸ਼ਨ ਦੌਰਾਨ ਰਮਨਦੀਪ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਰਾਜਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਹਾਜ਼ਰ ਸਨ।