ਗੁਲਜ਼ਾਰ ਸਿੰਘ ਦੀ ਮੌਤ ਦੀ ਸੀ . ਬੀ . ਆਈ . ਤੋਂ ਹੋਵੇ ਜਾਂਚ - ਆਜ਼ਾਦ , ਗਹਿਰੀ
ਸਿਰਜਣਧਾਰਾ ਨੇ ਸਵ: ਗੀਤਕਾਰ ਦੇਵ ਥਰੀਕੇ ਵਾਲੇ ਦਾ 88ਵਾਂ ਜਨਮ ਦਿਨ ਮਨਾਇਆ
ਲੁਧਿਆਣਾ, 20 ਸਤੰਬਰ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬੀ ਭਵਨ ਲਿਖੇ ਹੋਈ।
ਲੁਧਿਆਣਾ, 20 ਸਤੰਬਰ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬੀ ਭਵਨ ਲਿਖੇ ਹੋਈ। ਮੀਟਿੰਗ ਵਿੱਚ ਉੱਘੇ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ੇ ਦਾ 88ਵਾਂ ਜਨਮ ਦਿਨ ਉਹਨਾਂ ਦੇ ਸ਼ਗਿਰਦਾਂ ਅਤੇ ਸਾਹਿਤਕਾਰਾਂ ਵੱਲੋਂ ਮਨਾਇਆ ਗਿਆ। ਮੀਟਿੰਗ ਵਿੱਚ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਕੁਝ ਘਰੇਲੂ ਰੁਝੇਵੇਂ ਕਾਰਨ ਸ਼ਾਮਲ ਨਹੀਂ ਹੋ ਸਕੇ।ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਅਤੇ ਮੌਜੂਦਾ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਦੇਵ ਥਰੀਕੇ ਵਾਲ਼ਾ ਇੱਕ ਮਹਾਨ ਗੀਤਕਾਰ ਹੋ ਨਿਬੜਿਆ ਹੈ, ਜਿਸ ਨੇ ਸਮਾਜਿਕ, ਸੱਭਿਆਚਾਰਕ, ਸਾਹਿਤਕ ਅਤੇ ਕਿਸਾਨੀ ਨਾਲ ਸਬੰਧਤ ਗੀਤਾਂ ਦੇ ਨਾਲ਼ ਨਾਲ਼ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਜਿਨ੍ਹਾਂ ਕਰਕੇ ਦੇਵ ਥਰੀਕੇ ਵਾਲਾ ਕਲਮ ਦਾ ਧਨੀ ਹੋ ਨਿਬੜਿਆ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਹੀ ਨਹੀਂ ਬਲਕਿ ਸੱਤ ਸਮੁੰਦਰੋਂ ਪਾਰ ਦੇ ਸੈਂਕੜੇ ਗਾਇਕਾਂ ਨੇ ਬੇਹੱਦ ਮਕਬੂਲ ਗੀਤ ਗਾਏ। ਮਿਸਾਲ ਦੇ ਤੌਰ ਤੇ ਸਿਰਕੱਢ ਗਾਇਕਾਂ ਵਿੱਚੋਂ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਹਰਚਰਨ ਗਰੇਵਾਲ, ਕਰਨੈਲ ਗਿੱਲ, ਨਰਿੰਦਰ ਬੀਬਾ, ਕਰਮਜੀਤ ਧੂਰੀ, ਪਾਲੀ ਦੇਤਵਾਲੀਆ ਅਤੇ ਹੋਰ ਅਨੇਕਾਂ ਗਾਇਕ ਸ਼ਾਮਿਲ ਹਨ। ਉਨ੍ਹਾਂ ਦੇ ਲਿਖੇ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’, ਸੁਰਿੰਦਰ ਛਿੰਦਾ ਦੇ ਗਾਏ ‘ਜਿਓਣਾ ਮੌੜ’ ਨੂੰ ਕੌਣ ਭੁਲਾ ਸਕਦਾ ਹੈ। ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਦੇਵ ਥਰੀਕੇ ਵਾਲਾ ਇੱਕ ਸ਼ਬਦਾਂ ਦੀ ਟਕਸਾਲ ਸੀ, ਜਿਸ ਨੇ ਦੁਨੀਆਂ ਭਰ ਦੇ ਮਸ਼ਹੂਰ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ, ਕਿਤਾਬੀ ਗਿਆਨ ਕਰਕੇ ਹੀ ਉਸ ਕੋਲ ਵਡੇਰੀ ਸੂਝ ਅਤੇ ਸ਼ਬਦ ਭੰਡਾਰ ਸੀ। ਉਨ੍ਹਾਂ ਦੇ ਲਿਖੇ ਹਰ ਗੀਤ, ਕਲੀ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਅਤੇ ਰੱਜ ਕੇ ਆਨੰਦ ਮਾਣਿਆ। ਸ਼੍ਰੋਮਣੀ ਗਾਇਕ ਪਾਲੀ ਦੇਤ ਵਾਲੀਆ ਨੇ ਜਿੱਥੇ ਉਹਨਾਂ ਦਾ ਲਿਖਿਆ ਮਸ਼ਹੂਰ ਗੀਤ ‘ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ’ ਗਾਇਆ ਉੱਥੇ ਉਹਨਾਂ ਦੀਆਂ ਨਿੱਘੀਆਂ ਯਾਦਾਂ ਦੀ ਵੀ ਸਾਂਝ ਪਾਈ। ਅਮਰਜੀਤ ਸ਼ੇਰਪੁਰੀ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਦੇਵ ਥਰੀਕੇ ਵਾਲਾ ਦੇ ਵਿਦਿਆਰਥੀ ਰਹੇ ਸਾਹਿਤਕਾਰ ਤਰਲੋਚਨ ਝਾਂਡੇ ਨੇ ਉਹਨਾਂ ਦੀ ਜੀਵਨੀ ਤੇ ਚਾਨਣਾ ਪਾਇਆ ਤੇ ਕਵਿਤਾ ਰਾਂਹੀ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ। ਇਸ ਮੌਕੇ ਜੱਗਾ ਜਮਾਲਪੁਰ ਨੇ ਦੇਵ ਸਾਹਬ ਦਾ ਗੀਤ ‘ਉਂਠਾਂ ਵਾਲ਼ੇ ਬਣਨ ਕਦੇ ਨਾ ਯਾਰ ਕੁੜੇ’ , ਸਤਵਿੰਦਰ ਥਰੀਕੇ ਨੇ ਗੀਤ, ਸੰਪੂਰਨ ਸਨਮ ਨੇ ਕਵਿਤਾ ‘ਓ ਜਾਣ ਵਾਲੇ’, ਰਣਜੀਤ ਗਰੇਵਾਲ, ਨੇਤਰ ਮੁੱਤੋਂ, ਬਲਵਿੰਦਰ ਧਾਲੀਵਾਲ, ਸੁਖਬੀਰ ਸੰਧੇ, ਪਰਮਿੰਦਰ ਸੇਖੋਂ, ਲਖਮੀ ਸਿੰਘ ਆਦਿ ਨੇ ਗੀਤ ਸੁਣਾਕੇ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਨਾਟਕਕਾਰ ਮੋਹੀ ਅਮਰਜੀ ਤ, ਰਣਧੀਰ ਸਿੰਘ ਅਤੇ ਬਲਬੀਰ ਸਿੰਘ ਪੁਹੀੜ ਵੀ ਹਾਜ਼ਰ ਸਨ। ਅੰਤ ਵਿੱਚ ਡਾ. ਗੁਲਜ਼ਾਰ ਪੰਧੇਰ ਨੇ ਸਭਨਾਂ ਆਇਆਂ ਦਾ ਧੰਨਵਾਦ ਕੀਤਾ।