ਜ਼ੋਨ ਡੀ ਵਿਖੇ ਕੱਚੀ ਪੈਨਸਿਲ ਨਾਲ ਖੇਡੀ ਜਾ ਰਹੀ ਹੈ ਭ੍ਰਿਸ਼ਟਾਚਾਰ ਦੀ ਖੇਡ
ਲੁਧਿਆਣਾ, 6 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦਾ ਖੇਡ ਜਾਰੀ ਹੋਣ ਦੇ ਦੋਸ਼ ਸਾਹਮਣੇ ਆ ਰਹੇ ਹਨ। ਖ਼ਾਸ ਤੌਰ ’ਤੇ ਜਾਇਦਾਦ ਦੀ ਮਾਲਕੀ ਨਾਲ ਸਬੰਧਿਤ ਕੰਮਾਂ ਵਿਚ ਕੁੱਝ ਕਲਰਕਾਂ ਵਲੋਂ ਕਥਿਤ ਤੌਰ ’ਤੇ ਲੋਕਾਂ ਨੂੰ ਪਰੇਸ਼ਾਨ ਕਰਨ, ਫਾਈਲਾਂ ਵਿਚ ਅੜਚਣਾਂ ਪੈਦਾ ਕਰਨ ਅਤੇ ਕੰਮ ਕਰਵਾਉਣ ਬਦਲੇ ਮੋਟੀ ਰਕਮ ਮੰਗਣ ਦੇ ਦੋਸ਼ ਲੱਗੇ ਹਨ।
ਨ
ਨਗਰ ਨਿਗਮ ਦੇ ਜ਼ੋਨ ਡੀ ਦੀ ਇਮਾਰਤ ਦਾ ਦ੍ਰਿਸ਼।
07-10-2026
ਲੁਧਿਆਣਾ, 6 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦਾ ਖੇਡ ਜਾਰੀ ਹੋਣ ਦੇ ਦੋਸ਼ ਸਾਹਮਣੇ ਆ ਰਹੇ ਹਨ। ਖ਼ਾਸ ਤੌਰ ’ਤੇ ਜਾਇਦਾਦ ਦੀ ਮਾਲਕੀ ਨਾਲ ਸਬੰਧਿਤ ਕੰਮਾਂ ਵਿਚ ਕੁੱਝ ਕਲਰਕਾਂ ਵਲੋਂ ਕਥਿਤ ਤੌਰ ’ਤੇ ਲੋਕਾਂ ਨੂੰ ਪਰੇਸ਼ਾਨ ਕਰਨ, ਫਾਈਲਾਂ ਵਿਚ ਅੜਚਣਾਂ ਪੈਦਾ ਕਰਨ ਅਤੇ ਕੰਮ ਕਰਵਾਉਣ ਬਦਲੇ ਮੋਟੀ ਰਕਮ ਮੰਗਣ ਦੇ ਦੋਸ਼ ਲੱਗੇ ਹਨ। ਸਭ ਤੋਂ ਗੰਭੀਰ ਦੋਸ਼ ਇਹ ਹਨ ਕਿ ਜਾਇਦਾਦ ਦੀ ਮਾਲਕੀ ਨਾਲ ਸਬੰਧਿਤ ਕੁੱਝ ਫਾਈਲਾਂ ’ਤੇ ਕਥਿਤ ਤੌਰ ’ਤੇ ਕੱਚੀ ਪੈਨਸਿਲ ਨਾਲ ਵਿਵਾਦ ਲਿਖ ਕੇ ਲੋਕਾਂ ਦੇ ਕੰਮਾਂ ਵਿਚ ਅੜਿੱਕਾ ਪਾਇਆ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਜਾਇਦਾਦ ਸਬੰਧੀ ਅਸਲ ਵਿਚ ਕੋਈ ਇਤਰਾਜ਼ ਜਾਂ ਵਿਵਾਦ ਮੌਜੂਦ ਹੈ ਤਾਂ ਉਸ ਨੂੰ ਨਿਯਮਾਂ ਅਨੁਸਾਰ ਸਰਕਾਰੀ ਰਿਕਾਰਡ ਵਿਚ ਦਰਜ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਕੱਚੀ ਪੈਨਸਿਲ ਨਾਲ ਲਿਖ ਕੇ ਮਾਮਲੇ ਨੂੰ ਲਟਕਾਇਆ ਜਾਵੇ। ਕੁੱਝ ਲੋਕਾਂ ਨੇ ਦੋਸ਼ ਲਗਾਇਆ ਕਿ ਉਹ ਆਪਣੀ ਜਾਇਦਾਦ ਦੀ ਮਾਲਕੀ ਆਪਣੇ ਨਾਂਅ ਕਰਵਾਉਣ ਸਬੰਧੀ ਕੰਮ ਲਈ ਜ਼ੋਨ ਡੀ ਦੇ ਇਕ ਕਲਰਕ ਕੋਲ ਗਏ ਤਾਂ ਕਥਿਤ ਤੌਰ ’ਤੇ ਉਨ੍ਹਾਂ ਦੇ ਕੰਮ ਵਿਚ ਅੜਚਣਾਂ ਪੈਦਾ ਕੀਤੀਆਂ ਗਈਆਂ। ਉਨ੍ਹਾਂ ਮੁਤਾਬਿਕ ਕੰਮ ਅੱਗੇ ਵਧਾਉਣ ਲਈ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕੀਤੀ ਗਈ। ਇਕ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਆਪਣੀ ਜਾਇਦਾਦ ਦੀ ਮਾਲਕੀ ਨਾਲ ਸਬੰਧਿਤ ਕਾਰਵਾਈ ਲਈ ਕਲਰਕ ਕੋਲ ਗਿਆ ਸੀ। ਉਸ ਦੇ ਅਨੁਸਾਰ ਕਥਿਤ ਤੌਰ ’ਤੇ ਉਸ ਤੋਂ ਮੋਟੀ ਰਕਮ ਦੀ ਮੰਗ ਕੀਤੀ ਗਈ, ਜਦੋਂ ਉਸ ਨੇ ਆਪਣੀ ਫਾਈਲ ਬਾਰੇ ਪੁੱਛਿਆ ਤਾਂ ਉਸ ਨੂੰ ਕਿਹਾ ਗਿਆ ਕਿ ਫਾਈਲ ਗੁੰਮ ਹੋ ਗਈ ਹੈ। ਉਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਸ ਵਲੋਂ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿ ਆਉਣ ਦੀ ਗੱਲ ਕਹੀ ਗਈ ਤਾਂ ਬਾਅਦ ਵਿਚ ਉਸ ਦੀ ਫਾਈਲ ਮਿਲ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜ਼ੋਨ ਡੀ ਵਿਚ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਤਾਂ ਨਗਰ ਨਿਗਮ ਦੇ ਉਚ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਇਦਾਦ ਦੀ ਮਾਲਕੀ ਨਾਲ ਸਬੰਧਿਤ ਫਾਈਲਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀਆਂ ਫਾਈਲਾਂ ’ਤੇ ਇਤਰਾਜ਼ ਦਰਜ ਕੀਤੇ ਗਏ ਅਤੇ ਉਹ ਕਿਸ ਅਧਿਕਾਰਤ ਹੁਕਮ ਜਾਂ ਨਿਯਮ ਤਹਿਤ ਕੀਤੇ ਗਏ।