ਜੱਸੀਆਂ ਰੋਡ ’ ਤੇ ਕਬਾੜ ਦੇ ਗੋਦਾਮ ’ ਚ ਲੱਗੀ ਭਿਆਨਕ ਅੱਗ
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਜੱਸੀਆਂ ਰੋਡ ‘ਤੇ ਤਰਸੇਮ ਹਸਪਤਾਲ ਨੇੜੇ, ਕੇਸਰੀ ਐਨਕਲੇਵ ਅਤੇ ਕੁੰਝ ਵਿਹਾਰ ਕਾਲੋਨੀ ਦੇ ਪਿੱਛੇ ਸਥਿਤ ਕਬਾੜ ਦੇ ਇਕ ਗੋਦਾਮ ਵਿਚ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਕਬਾੜ ਦੇ ਢੇਰਾਂ ਨੇ ਅੱਗ ਨੂੰ ਹੋਰ ਭੜਕਾ ਦਿੱਤਾ, ਜਿਸ ਕਾਰਨ ਕੁੱਝ ਹੀ ਸਮੇਂ ਵਿਚ ਅੱਗ ਦੀਆਂ ਉਚੀਆਂ ਲਪਟਾਂ ਅਸਮਾਨ ਉਠਣ ਲੱਗੀਆਂ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)- ਜੱਸੀਆਂ ਰੋਡ ‘ਤੇ ਤਰਸੇਮ ਹਸਪਤਾਲ ਨੇੜੇ, ਕੇਸਰੀ ਐਨਕਲੇਵ ਅਤੇ ਕੁੰਝ ਵਿਹਾਰ ਕਾਲੋਨੀ ਦੇ ਪਿੱਛੇ ਸਥਿਤ ਕਬਾੜ ਦੇ ਇਕ ਗੋਦਾਮ ਵਿਚ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਕਬਾੜ ਦੇ ਢੇਰਾਂ ਨੇ ਅੱਗ ਨੂੰ ਹੋਰ ਭੜਕਾ ਦਿੱਤਾ, ਜਿਸ ਕਾਰਨ ਕੁੱਝ ਹੀ ਸਮੇਂ ਵਿਚ ਅੱਗ ਦੀਆਂ ਉਚੀਆਂ ਲਪਟਾਂ ਅਸਮਾਨ ਉਠਣ ਲੱਗੀਆਂ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਸੂਚਨਾ ਰਾਤ ਕਰੀਬ 10 ਵਜੇ ਕੇ 50 ਮਿੰਟ ਤੇ ਫਾਇਰ ਬ੍ਰਿਗੇਡ ਮਿਲੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪੁੱਜ ਗਈਆਂ ਅਤੇ ਕਰਮਚਾਰੀਆਂ ਨੇ ਅੱਗ ਬੁਝਾਉਣ ਲਈ ਤੁਰੰਤ ਮੋਰਚਾ ਸੰਭਾਲ ਲਿਆ। ਗੋਦਾਮ ਵਿਚ ਵੱਡੀ ਮਾਤਰਾ ਵਿਚ ਕਬਾੜ ਪਿਆ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਰਹੀ ਤੇ ਇਸ ‘ਤੇ ਕਾਬੂ ਪਾਉਣਾ ਫਾਇਰ ਕਰਮਚਾਰੀਆਂ ਲਈ ਵੱਡੀ ਚੁਣੌਤੀ ਬਣਿਆ ਰਿਹਾ। ਫਾਇਰ ਅਫ਼ਸਰ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਟੀਮਾਂ ਵਲੋਂ ਲਗਾਤਾਰ ਪਾਣੀ ਦੀਆਂ ਬੁਛਾੜਾਂ ਮਾਰਕੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਈ ਘੰਟਿਆਂ ਦੀ ਕੜੀ ਮੁਸ਼ਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਦੂਰੋਂ ਹੀ ਦਿਖਾਈ ਦੇ ਰਹੇ ਸਨ। ਘਟਨਾ ਦੀ ਖ਼ਬਰ ਫੈਲਦਿਆਂ ਦੀ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਰਿਹਾਇਸ਼ੀ ਇਲਾਕੇ ਦੇ ਨੇੜੇ ਅੱਗ ਲੱਗਣ ਕਾਰਨ ਲੋਕਾਂ ਵਿਚ ਇਸ ਦੇ ਹੋਰ ਫੈਲਣ ਨੂੰ ਲੈਕੇ ਚਿੰਤਾ ਬਣ ਰਹੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਗੋਦਾਮ ਵਿਚ ਪਏ ਕਬਾੜ ਤੇ ਹੋਰ ਸਾਮਾਨ ਦੇ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਵੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਜਾਣਕਾਰੀ ਅਨੁਸਾਰ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।