ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1, ਦੁੱਗਰੀ ਵਿਖੇ ਜਪ - ਤਪ ਸਮਾਗਮ ਕਰਵਾਇਆ
ਲੁਧਿਆਣਾ, 17 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਸ-1, ਦੁੱਗਰੀ ਵਿਖੇ ਮੱਘਰ ਮਹੀਨੇ ਦੀ ਆਰੰਭਤਾ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਅਤੇ ਜਪ-ਤਪ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪ੍ਰਵਾਹ ਨਾਲ ਹੋਈ, ਜਿਸ ਦੌਰਾਨ ਨਿੱਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ।
ਲੁਧਿਆਣਾ, 17 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਸ-1, ਦੁੱਗਰੀ ਵਿਖੇ ਮੱਘਰ ਮਹੀਨੇ ਦੀ ਆਰੰਭਤਾ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਅਤੇ ਜਪ-ਤਪ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪ੍ਰਵਾਹ ਨਾਲ ਹੋਈ, ਜਿਸ ਦੌਰਾਨ ਨਿੱਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਉਪਰੰਤ ਗੁਰੂ ਘਰ ਦੇ ਮੀਤ ਗ੍ਰੰਥੀ ਭਾਈ ਜਗਦੀਪ ਸਿੰਘ ਜੀ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਮੱਘਰ ਮਹੀਨੇ ਦੀ ਆਤਮਿਕ ਮਹੱਤਤਾ ਬਾਰੇ ਚਾਨਣਾ ਪਾਇਆ। ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਵੱਲੋਂ ਜਪ-ਤਪ ਸਮਾਗਮ ਆਰੰਭ ਕੀਤਾ ਗਿਆ, ਜਿਸ ਵਿਚ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਪੰਜ ਪਾਠ ਸ੍ਰੀ ਜਪੁਜੀ ਸਾਹਿਬ ਜੀ ਦੇ, ਦੋ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਅਤੇ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਸੰਗਤੀ ਰੂਪ ਵਿੱਚ ਕੀਤਾ। ਉਪਰੰਤ ਬੀਬੀਆਂ ਵੱਲੋਂ ਇਲਾਹੀ ਕੀਰਤਨ ਦੀ ਸੇਵਾ ਨਿਭਾਈ ਗਈ। ਸਮਾਗਮ ਦੀ ਸਮਾਪਤੀ ‘ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸ. ਬੈਨੀਪਾਲ ਨੇ ਭਾਰੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸੰਗਤਾਂ ਨੂੰ ਆਉਣ ਵਾਲੇ ਗੁਰਮਤਿ ਸਮਾਗਮਾਂ ਵਿਚ ਵੀ ਇਸੇ ਤਰ੍ਹਾਂ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੀਬੀ ਦਵਿੰਦਰ ਕੌਰ, ਮਨਜੀਤ ਕੌਰ, ਅੰਮ੍ਰਿਤਪਾਲ ਕੌਰ, ਕਰਮਜੀਤ ਕੌਰ, ਰਵਿੰਦਰ ਕੌਰ ਰਹੀਜਾ, ਕੁਲਜੀਤ ਕੌਰ, ਜਸਪਾਲ ਕੌਰ ਮੁਖੀਜਾ, ਸਰਬਜੀਤ ਕੌਰ, ਇੰਦਰਜੀਤ ਕੌਰ ਕਾਲੜਾ ਅਤੇ ਤਰਨਜੀਤ ਕੌਰ ਓਬਰਾਏ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸਰਬੱਤ ਦੇ ਭਲੇ ਦੀ ਅਰਦਾਸ ਤੇ ਹੁਕਮਨਾਮਾ ਸਾਹਿਬ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।